ਵਾਸ਼ਿੰਗਟਨ: ਅਮਰੀਕੀ ਫ਼ੌਜਾਂ ਨੇ ਉੱਤਰ-ਪੱਛਮੀ ਸੀਰੀਆ ਵਿੱਚ ਹਵਾਈ ਹਮਲੇ ਵਿੱਚ ਅਲ-ਕਾਇਦਾ (AL QAEDA)ਦੇ ਸੀਨੀਅਰ ਆਗੂ ਅਬਦੁਲ ਹਾਮਿਦ ਅਲ-ਮਤਾਰ ਨੂੰ ਮਾਰ ਦਿੱਤਾ। ਸੈਂਟਰਲ ਕਮਾਂਡ (CENTCOM) ਦੇ ਬੁਲਾਰੇ ਮੇਜਰ ਜੌਹਨ ਰਿਗਸਬੀ (Major John Rigsbee) ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਰਿਗਸਬੀ ਨੇ ਕਿਹਾ ਕਿ ਅਮਰੀਕੀ ਫੌਜ ਨੇ ਇਹ ਹਮਲਾ MQ-9 ਜਹਾਜ਼ਾਂ ਨਾਲ ਕੀਤਾ ਸੀ। ਹਮਲੇ ਵਿੱਚ ਸਥਾਨਕ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦਾ ਜਾਨੀ ਨੁਕਾਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕਿਹਾ , " ਉੱਤਰ-ਪੱਛਮੀ ਸੀਰੀਆ ਵਿੱਚ ਅੱਜ ਇੱਕ ਅਮਰੀਕੀ ਹਵਾਈ ਹਮਲੇ 'ਚ ਅਲ-ਕਾਇਦਾ ਦਾ ਸੀਨੀਅਰ ਆਗੂ ਅਬਦੁਲ ਹਾਮਿਦ ਅਲ-ਮਤਾਰ ਮਾਰਿਆ ਗਿਆ। ਸਾਡੇ ਕੋਲ MQ-9 ਜਹਾਜ਼ਾਂ ਦੀ ਵਰਤੋਂ ਨਾਲ ਕੀਤੇ ਗਏ ਹਮਲੇ ਦੇ ਨਤੀਜੇ ਵਜੋਂ ਕਿਸੇ ਵੀ ਸਥਾਨਕ ਜਾਂ ਆਮ ਨਾਗਰਿਕ ਦੇ ਜ਼ਖਮੀ ਜਾਂ ਜਾਨੀ ਨੁਕਸਾਨ ਸਬੰਧੀ ਕੋਈ ਸੂਚਨਾ ਨਹੀਂ ਹੈ। "
ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਲ-ਕਾਇਦਾ, ਅਮਰੀਕਾ ਤੇ ਉਸ ਦੇ ਸਹਿਯੋਗੀਆਂ ਦੇ ਲਈ ਖ਼ਤਰਾ ਬਣਿਆ ਹੋਇਆ ਹੈ।