ਬਾਮਕੋ: ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬਾਊਬਾਕਰ ਕੀਟਾ ਨੇ ਮੰਗਲਵਾਰ ਦੇਰ ਰਾਤ ਸਰਕਾਰੀ ਟੈਲੀਵਿਜ਼ਨ 'ਤੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਬਾਗ਼ੀ ਸਿਪਾਹੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਉਸ ਦੇ ਘਰ ਦੇ ਬਾਹਰ ਹਵਾ ਵਿੱਚ ਗੋਲੀਆਂ ਚਲਾਈਆਂ ਸਨ।
ਇਸ ਤੋਂ ਪਹਿਲਾਂ ਸਾਲ 2012 ਵਿਚ ਦੇਸ਼ ਵਿਚ ਤਖਤਾ ਪਲਟਿਆ ਸੀ ਅਤੇ ਇਸ ਤਖਤਾ ਪਲਟਣ ਦੀ ਕੋਸ਼ਿਸ਼ ਵਿਚ ਕਈ ਸਮਾਨਤਾਵਾਂ ਦੱਸੀਆਂ ਜਾ ਰਹੀਆਂ ਹਨ।
ਬਾਗ਼ੀ ਸਿਪਾਹੀਆਂ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਅਤੇ ਸੰਭਾਵਿਤ ਤਖਤਾ ਪਲਟ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਹਵਾ ਵਿੱਚ ਗੋਲੀਬਾਰੀ ਕਰਦੇ ਹੋਏ ਉਸ ਨੂੰ ਅਤੇ ਪ੍ਰਧਾਨ ਮੰਤਰੀ ਨੂੰ ਬੰਧਕ ਬਣਾ ਲਿਆ। ਸੈਨਿਕਾਂ ਨੂੰ ਵੀ ਬਾਮਕੋ ਦੀਆਂ ਸੜਕਾਂ 'ਤੇ ਖੁੱਲ੍ਹੇਆਮ ਘੁੰਮਦੇ ਦੇਖਿਆ ਗਿਆ। ਮਾਲੀ ਦਾ ਅਧਿਕਾਰਤ ਟੀਵੀ ਚੈਨਲ ਵੀ ਬੰਦ ਹੋ ਗਿਆ ਹੈ।
ਮਈ ਤੋਂ ਹੀ ਰਾਸ਼ਟਰਪਤੀ ਜਨਤਕ ਵਿਰੋਧ ਦਾ ਸਾਹਮਣਾ ਕਰ ਰਹੇ ਹਨ। ਉਸ ਸਮੇਂ ਦੇਸ਼ ਦੀ ਸੁਪਰੀਮ ਕੋਰਟ ਨੇ ਵਿਵਾਦਿਤ ਸੰਸਦੀ ਚੋਣਾਂ ਦੇ ਨਤੀਜਿਆਂ ਨੂੰ ਪਲਟ ਦਿੱਤਾ ਸੀ। ਇਸ ਤੋਂ ਪਹਿਲਾਂ ਸਾਲ 2012 ਵਿਚ ਦੇਸ਼ ਦੀ ਸੈਨਾ ਨੇ ਸਫਲਤਾਪੂਰਵਕ ਤਖ਼ਤਾਪਲਟ ਕਰ ਦਿੱਤਾ ਸੀ। ਅਮਰੀਕਾ ਦੇ ਨਾਲ ਰੂਸ, ਫਰਾਂਸ ਸਣੇ ਕਈ ਦੇਸ਼ ਮਾਲੀ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।