ਬੀਜਿੰਗ: ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਤੇ ਇਸ ਤੋਂ ਇਲਾਵਾ ਹੁਣ ਬਰਡ ਫਲੂ ਦੇ ਫੈਲਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਵਾਇਰਸ ਕਾਰਨ ਚੀਨ ਦੇ ਹੁਬੇਈ ਸੂਬੇ ਵਿੱਚ ਹੁਣ ਤੱਕ 361 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 9 ਮਾਮਲੇ, ਕੈਲਫੋਰਨੀਆ 'ਚ 4, ਈਲੋਨੋਇਸ ਵਿੱਚ 2 ਅਤੇ ਮੈਸੇਚਿਉਸੇਟਸ, ਵਾਸ਼ਿੰਗਟਨ ਅਤੇ ਐਰੀਜ਼ੋਨਾ 'ਚ ਇੱਕ-ਇੱਕ ਮਾਮਲੇ ਦੀ ਪੁਸ਼ਟੀ ਹੋਈ ਹੈ। ਹੋਰ 56 ਲੋਕ ਇਸ ਜਾਨਲੇਵਾ ਵਾਇਰਸ ਦੇ ਸ਼ਿਕਾਰ ਹਨ।
ਜਾਣਕਾਰੀ ਮੁਤਾਬਕ, ਹੁਬੇਈ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ 2,103 ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਕਾਰਨ ਹੁਣ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 16 ਹਜ਼ਾਰ 600 ਤੋਂ ਵੱਧ ਹੋ ਗਈ ਹੈ। ਇਨ੍ਹਾਂ ਵਿੱਚੋਂ 9,618 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਇਨ੍ਹਾਂ ਵਿੱਚੋਂ 478 ਲੋਕਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ।
ਕੋਰੋਨਾ ਵਾਇਰਸ ਤੋਂ ਬਾਅਦ ਹੁਨਾਨ ਪ੍ਰਾਂਤ ਦੇ ਸ਼ੁਆਂਗਕਿੰਗ ਜ਼ਿਲ੍ਹੇ 'ਚ ਐਤਵਾਰ ਨੂੰ ਇੱਕ ਪੋਲਟਰੀ ਫਾਰਮ 'ਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਰਗੀਆਂ ਮ੍ਰਿਤਕ ਪਾਈਆਂ ਗਈਆਂ ਹਨ। ਸ਼ੁਆਂਗਕਿੰਗ, ਹੁਬੇਈ ਸੂਬੇ ਦੀ ਦੱਖਣੀ ਸਰਹੱਦ 'ਤੇ ਸਥਿਤ ਹੈ ਜਿਥੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹਾਲਾਂਕਿ, ਹੁਨਾਨ ਪ੍ਰਾਂਤ ਵਿੱਚ ਅਜੇ ਤੱਕ ਕਿਸੇ ਵੀ ਮਨੁੱਖ ਵਿੱਚ ਐਚ 5 ਐਨ 1 ਵਾਇਰਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਕਾਰਨ ਇਥੇ ਹੁਣ ਬਰਡ ਫਲੂ ਫੈਲਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਦਰਅਸਲ ਜਿਸ ਪੋਲਟਰੀ ਫਾਰਮ ਅੰਦਰ ਇਹ ਘਟਨਾ ਵਾਪਰੀ ਉਥੇ ਕੁੱਲ 7,500 ਮੁਰਗੀਆਂ ਸਨ, ਇਨ੍ਹਾਂ ਵਿੱਚੋਂ 4500 ਮੁਰਗੀਆਂ ਮ੍ਰਿਤਕ ਪਾਈਆਂ ਗਈਆਂ। ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਦੇ ਉਪਾਅ ਵਜੋਂ ਹੁਣ ਤੱਕ 17,828 ਮੁਰਗੀਆਂ ਨੂੰ ਮਾਰ ਦਿੱਤਾ ਹੈ। ਚੀਨ 'ਚ ਬਰਡ ਫਲੂ ਨੇ ਅਜਿਹੇ ਸਮੇਂ ਵਿੱਚ ਦਸਤਕ ਦਿੱਤੀ ਹੈ ਜਦੋਂ ਚੀਨੀ ਸਰਕਾਰ ਨੂੰ ਕੋਰੋਨਾ ਵਾਇਰਸ ਫੈਲਣ ਨੂੰ ਰੋਕਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
ਚੀਨ ਨੇ 12 ਸ਼ਹਿਰਾਂ ਵਿੱਚ ਲੋਕਾਂ ਦੀ ਆਵਾਜਾਈ ਅਤੇ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ 5.6 ਕਰੋੜ ਲੋਕ ਆਪਣੇ ਘਰਾਂ 'ਚ ਕੈਦ ਰਹਿਣ ਲਈ ਮਜਬੂਰ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਸਨਿੱਚਰਵਾਰ ਨੂੰ 4,562 ਨਵੇਂ ਮਾਮਲੇ ਸਾਹਮਣੇ ਆਏ ਹਨ। ਚੀਨ ਤੋਂ ਇਲਾਵਾ ਤਕਰੀਬਨ 25 ਦੇਸ਼ਾਂ ਵਿੱਚ ਸੈਂਕੜੇ ਲੋਕ ਇਸ ਵਾਇਰਸ ਨਾਲ ਪੀੜਤ ਹਨ।