ਤਹਿਰਾਨ: ਈਰਾਨ ਨੇ ਕਿਹਾ ਹੈ ਕਿ ਅਮਰੀਕਾ ਨੂੰ ਉਨ੍ਹਾਂ ਸੰਦੇਸ਼ ਪਹੁੰਚ ਗਿਆ ਹੈ। ਈਰਾਨ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਅਮਰੀਕਾ ਨੇ ਫ਼ਾਰਸ ਦੀ ਖਾੜੀ ਵਿੱਚ ਆਪਣੇ ਵਿਵਹਾਰ 'ਚ ਸੁਧਾਰ ਕੀਤਾ ਹੈ। ਫ਼ਾਰਸ ਦੀ ਖਾੜੀ ਖੇਤਰ 'ਚ ਅਮਰੀਕਾ ਦੇ ਉੱਚ ਜਲ ਸੈਨਾ ਅਧਿਕਾਰੀ ਨੇ ਵੀ ਕਿਹਾ ਹੈ ਕਿ ਈਰਾਨ ਨਾਲ ਉਨ੍ਹਾਂ ਦੀ ਫੋਰਸ ਦੇ ਹਲਾਤ ਠੀਕ ਹੋ ਗਏ ਹਨ।
ਸੋਮਵਾਰ ਨੂੰ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਖਤੀਬਜ਼ਾਦਾ ਨੇ ਪੱਤਰਕਾਰਾਂ ਨੂੰ ਕਿਹਾ,‘‘ ਅਸੀਂ ਖੁਸ਼ ਹਾਂ ਕਿ ਸੰਦੇਸ਼ ਦੂਜੀ ਧਿਰ ਤੱਕ ਪਹੁੰਚ ਗਿਆ ਹੈ ਅਤੇ ਉਸ ਨੇ ਆਪਣੇ ਵਿਵਹਾਰ ਵਿੱਚ ਸੁਧਾਰ ਕੀਤਾ ਹੈ"।
ਉਨ੍ਹਾਂ ਨੇ ਕਿਹਾ ਕਿ ਖ਼ੇਤਰ 'ਚ ਤਣਾਅ ਦਾ ਮੁੱਖ ਕਾਰਨ ਅਮਰੀਕੀ ਫੌਜ ਹੈ ਅਤੇ ਈਰਾਨੀ ਸੁਰੱਖਿਆ ਬਲਾਂ ਨੇ ਹਮੇਸ਼ਾਂ ਪੇਸ਼ੇਵਰ ਤਰੀਕੇ ਨਾਲ ਕੰਮ ਕੀਤਾ ਹੈ। ਸਈਦ ਖਤੀਬਜ਼ਾਦਾ ਨੇ ਕਿਹਾ,' ਬਦਕਿਸਮਤੀ ਨਾਲ, ਈਰਾਨੀ ਜਲ ਸੈਨਾ ਦੇ ਪ੍ਰਤੀ ਅਮਰੀਕਾ ਦਾ ਦ੍ਰਸ਼ਟੀਕੋਣ ਅਕਸਰ ਗੈਰ ਪੇਸ਼ੇਵਰ ਰਿਹਾ ਹੈ। ਉਹ ਅਮਰੀਕਾ ਦੇ ਵਾਈਸ ਐਡਮਿਰਲ ਸੈਮ ਪਾਪਰੋ ਵੱਲੋਂ ਬਹਿਰੀਨ 'ਚ ਹੋਏ ਇੱਕ ਸੰਮੇਲਨ ਵਿੱਚ ਐਤਵਾਰ ਨੂੰ ਦਿੱਤੇ ਗਏ ਬਿਆਨ ਉੱਤੇ ਪ੍ਰਤੀਕੀਰਿਆ ਦੇ ਰਹੇ ਸੀ।
ਬਹਿਰੀਨ ਸਥਿਤ ਸਮੁੰਦਰੀ ਜਲ ਸੈਨਾ ਦੇ ਪੰਜਵੇਂ ਬੇੜੇ ਦੇ ਪ੍ਰਮੁੱਖ ਪਾਪਰੋ ਨੇ ਕਿਹਾ ਕਿ ਦੋਵੇਂ ਧਿਰਾਂ ਨੇ ‘ਅਸੁਖਾਵੇਂ ਹਲਾਤਾਂ’ ਨੂੰ ਖ਼ਤਮ ਕਰ ਦਿੱਤਾ ਹੈ। ਉਹ ਈਰਾਨ ਦੀ ਜਲ ਸੈਨਾ ਦਾ ਸਨਮਾਨ ਕਰਦਾ ਹੈ।
ਦੱਸਣਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੇਸ਼ ਨੂੰ 2015 ਦੇ ਪਰਮਾਣੂ ਸਮਝੌਤੇ ਤੋਂ ਵੱਖ ਕਰ ਲਿਆ ਅਤੇ ਈਰਾਨ ‘ਤੇ ਸਖ਼ਤ ਪਾਬੰਦੀਆਂ ਲਗਾਈਆਂ। ਉਸ ਸਮੇਂ ਤੋਂ, ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਤਣਾਅ ਬਣ ਗਿਆ।