ਲੇਸ ਕੇਯੇਸ: ਹੈਤੀ ਵਿੱਚ ਸ਼ਨੀਵਾਰ ਨੂੰ 7.2 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਕਾਰਨ ਇਮਾਰਤਾਂ ਢਹਿ ਢੇਰੀ ਗਈਆਂ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,297 ਹੋ ਗਈ। ਇਸ ਦੇ ਨਾਲ ਹੀ ਘੱਟੋ -ਘੱਟ 2800 ਲੋਕ ਜ਼ਖਮੀ ਹੋਏ ਹਨ। ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਨਾਲ 2,868 ਘਰ ਤਬਾਹ ਹੋ ਗਏ। ਇਸ ਭਿਆਨਕ ਭੂਚਾਲ ਕਾਰਨ ਮਹੱਤਵਪੂਰਨ ਸੜਕਾਂ 'ਤੇ ਆਵਾਜਾਈ ਠੱਪ ਹੋ ਗਈ ਹੈ। ਹੈਤੀ ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਦੇ ਡਾਇਰੈਕਟਰ ਜੈਰੀ ਚੈਂਡਲਰ ਨੇ ਪਹਿਲਾਂ ਰਿਪੋਰਟ ਕੀਤੀ ਸੀ ਕਿ ਮਰਨ ਵਾਲਿਆਂ ਦੀ ਗਿਣਤੀ 304 ਸੀ ਅਤੇ ਸਭ ਤੋਂ ਵੱਧ ਮ੍ਰਿਤਕ ਦੇਸ਼ ਦੇ ਦੱਖਣ ਵਿੱਚ ਸਨ, ਪਰ ਉਸ ਤੋਂ ਬਾਅਦ ਮੌਤਾਂ ਦੀ ਗਿਣਤੀ ਵਧ ਗਈ ਅਤੇ 724 ਤੋਂ, ਹੁਣ ਇਹ ਗਿਣਤੀ ਇੱਕ ਹਜ਼ਾਰ ਨੂੰ ਪਾਰ ਕਰ ਗਈ ਹੈ।
ਸ਼ਨੀਵਾਰ ਦੇ ਭੂਚਾਲ ਆਉਣ ਕਾਰਨ ਕਈ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ ਬਚਾਅ ਕਾਰਜਾਂ ਵਿੱਚ ਵਿਘਨ ਪਿਆ। ਪਹਿਲਾਂ ਹੀ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੈਤੀ ਦੇ ਲੋਕਾਂ ਦੀ ਤਕਲੀਫ ਭੂਚਾਲ ਦੇ ਕਾਰਨ ਹੋਰ ਵੀ ਵੱਧ ਗਈ ਹੈ।
ਯੂਐਸ ਜੀਓਲੌਜੀਕਲ ਸਰਵੇ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਰਾਜਧਾਨੀ ਪੋਰਟ ਔਹ ਪ੍ਰਿੰਸ ਤੋਂ 125 ਕਿਲੋਮੀਟਰ ਦੂਰ ਸੀ। ਸੰਕਟ ਅਗਲੇ ਹਫਤੇ ਦੇ ਸ਼ੁਰੂ ਵਿੱਚ ਵਿਗੜ ਸਕਦਾ ਹੈ ਕਿਉਂਕਿ ਤੂਫਾਨ ਗ੍ਰੇਸ ਸੋਮਵਾਰ ਜਾਂ ਮੰਗਲਵਾਰ ਤੱਕ ਹੈਤੀ ਪਹੁੰਚ ਸਕਦਾ ਹੈ। ਭੂਚਾਲ ਤੋਂ ਬਾਅਦ ਦਿਨਭਰ ਅਤੇ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬੇਘਰ ਲੋਕ ਅਤੇ ਜਿਨ੍ਹਾਂ ਦੇ ਘਰ ਡਿੱਗਣ ਦੀ ਕੰਗਾਰ 'ਤੇ ਹਨ, ਉਨ੍ਹਾਂ ਨੇ ਰਾਤ ਸੜਕਾਂ' ਤੇ ਖੁੱਲ੍ਹੇ ਵਿੱਚ ਬਿਤਾਈ।ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਕਿਹਾ ਕਿ ਉਹ ਉਨ੍ਹਾਂ ਥਾਵਾਂ 'ਤੇ ਸਹਾਇਤਾ ਭੇਜ ਰਹੇ ਹਨ ਜਿੱਥੇ ਸ਼ਹਿਰ ਤਬਾਹ ਹੋਏ ਹਨ ਅਤੇ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ।