ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ 'ਚ ਬੁੱਧਵਾਰ ਤੜਕੇ ਹਵਾਈ ਅੱਡੇ ਦੇ ਮਿਲਟਰੀ ਸੈਕਟਰ ਦੇ ਨੇੜੇ 3 ਕੈਟਯੁਸ਼ਾ ਰਾਕੇਟ ਦਾਗ਼ੇ ਗਏ। ਹਾਲਾਂਕਿ ਹਮਲੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਰਾਕ ਫੌਜ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲਾ ਸੰਸਦ ਦੇ ਸੈਸ਼ਨ ਤੋਂ ਕੁੱਝ ਹੀ ਘੰਟੇ ਪਹਿਲਾਂ ਹੋਇਆ।
ਇਸ ਸੈਸ਼ਨ ਵਿੱਚ ਨਵੇਂ ਨਾਮਜ਼ਦ ਪ੍ਰਧਾਨ ਮੰਤਰੀ ਮੁਸਤਫਾ ਅਲ ਕਾਦੀਮੀ ਦੀ ਪ੍ਰਸਤਾਵਿਤ ਸਰਕਾਰ ਨੂੰ ਲੈ ਕੇ ਸਦਨ ਵਿੱਚ ਵੋਟਾਂ ਪੈਣੀਆਂ ਸੀ। ਇਰਾਕ ਸੁਰੱਖਿਆ ਬਲਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਰਾਕੇਟ ਬਗਦਾਦ ਦੇ ਪੱਛਮ 'ਚ ਅਲ ਬਰਕੀਆ ਖੇਤਰ ਦੇ ਲਾਂਚਿੰਗ ਪੈਡ ਤੋਂ ਕੱਢੇ ਗਏ ਸਨ।
ਦੱਸ ਦਈਏ ਕਿ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇੱਕ ਇਰਾਕੀ ਸੁਰੱਖਿਆ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾ ਰਾਕੇਟ ਫੌਜੀ ਹਵਾਈ ਅੱਡੇ 'ਤੇ ਇਰਾਕੀ ਫੌਜਾਂ ਦੇ ਨੇੜੇ ਡਿੱਗਿਆ, ਦੂਜਾ ਕੈਂਪ ਕ੍ਰੋਪਰ ਦੇ ਨੇੜੇ ਡਿੱਗਿਆ, ਜੋ ਇੱਕ ਸਮੇਂ ਅਮਰੀਕੀ ਨਜ਼ਰਬੰਦੀ ਕੇਂਦਰ ਸੀ ਅਤੇ ਤੀਜਾ ਰਾਕੇਟ ਉਸ ਜਗ੍ਹਾ 'ਤੇ ਡਿੱਗਿਆ ਜਿੱਥੇ ਅਮਰੀਕੀ ਸੈਨਿਕ ਬਲ ਰਹਿੰਦੇ ਹਨ।
ਇਹ ਵੀ ਪੜ੍ਹੋ: UV ਸਫ਼ਾਈ ਰੋਬੋਟ ਦੀ ਮਦਦ ਲੈਣ ਵਾਲਾ ਪਹਿਲਾ ਹਵਾਈ ਅੱਡਾ ਬਣਿਆ ਪੀਟਰਸਬਰਗ ਕੌਮਾਂਤਰੀ ਹਵਾਈ ਅੱਡਾ
ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਸੱਦਾਮ ਹੁਸੈਨ ਨੂੰ ਕੈਂਪ ਕ੍ਰੋਪਰ ਜੇਲ੍ਹ ਵਿੱਚ ਰੱਖਿਆ ਗਿਆ ਸੀ। ਅਮਰੀਕਾ ਨੇ ਪਿਛਲੇ ਸਮੇਂ ਵਿੱਚ ਇਰਾਨ ਸਮਰਥਿਤ ਮਿਲਸ਼ੀਆ ਨੂੰ ਅਜਿਹੇ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਸੀ।