ਮਾਸਕੋ: ਇੱਕ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੇ ਖਿਲਾਫ ਦੁਨੀਆ ਦੇ ਪਹਿਲੇ ਰਜਿਸਟਰਡ ਟੀਕੇ 'ਸਪੁਟਨਿਕ ਵੀ' ਦੀ ਖੋਜ ਦਾ ਤੀਜਾ ਪੜਾਅ 7-10 ਦਿਨਾਂ ਵਿੱਚ ਸ਼ੁਰੂ ਹੋ ਸਕਦਾ ਹੈ।
ਗਾਮਾਲੇਆ ਨੈਸ਼ਨਲ ਰਿਸਰਚ ਸੈਂਟਰ ਦੇ ਡਾਇਰੈਕਟਰ ਐਲੇਗਜ਼ੈਡਰ ਗਿੰਟਸਬਰਗ ਨੇ ਦੱਸਿਆ ਕਿ "ਸੋਮਵਾਰ ਨੂੰ, ਅਸੀਂ ਰਜਿਸਟ੍ਰੇਸ਼ਨ ਤੋਂ ਬਾਅਦ ਦੀ ਖੋਜ 'ਤੇ ਪ੍ਰੋਟੋਕੋਲ ਦਾ ਪਹਿਲਾ ਸੰਸਕਰਣ ਪੇਸ਼ ਕਰਾਂਗੇ।" ਗਿੰਟਸਬਰਗ ਨੇ ਅੱਗੇ ਦੱਸਿਆ ਕਿ ਜਨਤਾ ਅਤੇ ਪ੍ਰੈਸ ਦੀ ਬਹੁਤ ਜ਼ਿਆਦਾ ਦਿਲਚਸਪੀ ਅਤੇ ਧਿਆਨ ਦੇ ਮੱਦੇਨਜ਼ਰ, ਸਾਨੂੰ ਲੱਗਦਾ ਹੈ ਕਿ ਸਿਹਤ ਮੰਤਰਾਲਾ ਪ੍ਰਕਿਰਿਆ ਵਿੱਚ ਦੇਰੀ ਨਹੀਂ ਕਰੇਗਾ ਅਤੇ ਇੱਕ ਹਫਤੇ ਦੇ ਅੰਦਰ-ਅੰਦਰ ਪ੍ਰੋਟੋਕੋਲ ਨੂੰ ਪ੍ਰਵਾਨਗੀ ਮਿਲ ਜਾਵੇਗੀ। ਇਸ ਲਈ, ਸਾਨੂੰ ਵਿਸ਼ਵਾਸ ਹੈ ਕਿ ਵੱਧ ਤੋਂ ਵੱਧ ਸੱਤ ਜਾਂ ਦਸ ਦਿਨਾਂ ਵਿੱਚ ਸਭ ਕੁਝ ਸ਼ੁਰੂ ਹੋ ਜਾਵੇਗਾ।
ਗਿੰਟਸਬਰਗ ਨੇ ਕਿਹਾ ਕਿ ਤੀਜੇ ਪੜਾਅ ਵਿੱਚ ਹਜ਼ਾਰਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਹ ਖੋਜ ਮਾਸਕੋ ਵਿੱਚ ਕੀਤੀ ਜਾਵੇਗੀ। ਰੂਸ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਰੂਸ ਨੇ ਕੋਵਿਡ -19 ਦੇ ਵਿਰੁੱਧ ਟੀਕਿਆਂ ਦੇ ਪਹਿਲੇ ਸਮੂਹ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ।