ਲੰਡਨ: ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਲੰਬੇ ਸਮੇਂ ਦੇ ਨਿਵੇਸ਼ ਲਈ ਅਗਲੇ ਹਫ਼ਤੇ 100 ਅਰਬ ਪਾਉਂਡ ਦੀ ਅਨੁਮਾਨਤ ਲਾਗਤ ਨਾਲ ਇੱਕ ਨਵੀਂ ਰਾਸ਼ਟਰੀ ਬੁਨਿਆਦੀ ਢਾਂਚਾ ਰਣਨੀਤੀ ਦਾ ਐਲਾਨ ਕਰਨ ਜਾ ਰਹੇ ਹਨ। ਮੀਡੀਆ ਰਿਪੋਰਟ ਵਿੱਚ ਸ਼ਨਿਚਰਵਾਰ ਨੂੰ ਦੱਸਿਆ ਸੀ ਕਿ ਇਸ ਵਿੱਚ ਇੱਕ ਨਵੇਂ ਬੈਂਕ ਦੀ ਸਥਾਪਨਾ ਦਾ ਪ੍ਰਸਤਾਵ ਵੀ ਸ਼ਾਮਲ ਹੈ ਜੋ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ ਨਿੱਜੀ ਪੂੰਜੀ ਵਧਾਏਗਾ।
ਕੋਰੋਨਾ ਵਾਇਰਸ ਲਾਗ ਦੇ ਵਿਰੁੱਧ ਬ੍ਰਿਟੇਨ ਦੀ ਆਰਥਿਕ ਲੜਾਈ ਦੀ ਅਗਵਾਈ ਕਰ ਰਹੇ ਭਾਰਤੀ ਮੂਲ ਦੇ ਸੁਨਕ ਬੁੱਧਵਾਰ ਨੂੰ ਜਲਵਾਯੂ ਸੰਕਟ ਨਾਲ ਨਜਿੱਠਣ ਅਤੇ ਆਵਾਜਾਈ ਵਿੱਚ ਨਿਵੇਸ਼ ਕਰਨ ਲਈ ਰਣਨੀਤੀਆਂ ਜਾਰੀ ਕਰਨਗੇ। ਇਸ ਦੌਰਾਨ, ਉਹ ਹੁਣ ਤੱਕ ਹੋਏ ਖਰਚਿਆਂ ਦੀ ਸਮੀਖਿਆ ਵੀ ਪੇਸ਼ ਕਰਨਗੇ।
ਬ੍ਰਿਟੇਨ ਦੇ ਵਿੱਤ ਮੰਤਰਾਲੇ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੀ ਰਣਨੀਤੀ ਵਿੱਚ ਫਾਈਬਰ ਬ੍ਰੌਡਬੈਂਡ, ਹੜ੍ਹ ਬਚਾਅ ਅਤੇ ਆਵਾਜਾਈ ਯੋਜਨਾਵਾਂ ਸਮੇਤ ਪ੍ਰਮੁੱਖ ਪ੍ਰੋਗਰਾਮਾਂ ਦੇ ਭੁਗਤਾਨ ਦਾ ਵੇਰਵੇ ਹੋਵੇਗਾ। ਬ੍ਰਿਟੇਨ ਦੇ ਯੂਰਪੀਅਨ ਸੰਘ ਤੋਂ ਵੱਖ ਹੋਣ ਯਾਨੀ ਬ੍ਰੈਕਸਿਟ ਦੀ ਪ੍ਰਕਰਿਆ ਨੂੰ 31 ਦਸੰਬਰ ਨੂੰ ਪੂਰਾ ਹੋਣ ਦੇ ਨਾਲ ਵੀ ਮੰਨਿਆ ਜਾ ਰਿਹਾ ਹੈ ਕਿ ਨਵਾਂ ਨਿਵੇਸ਼ ਬੈਂਕ ਯੂਰਪੀਅਨ ਇਨਵੈਸਟਮੈਂਟ ਬੈਂਕ ਦੀ ਥਾਂ ਲੈਣ ਦੇ ਲਈ ਬਣਾਇਆ ਗਿਆ ਹੈ।
ਸੁਨਕ ਨੇ ਕਿਹਾ ਕਿ ਅਸੀਂ ਮੌਕਿਆਂ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਹਾਂ ਤਾਂ ਜੋ ਬ੍ਰਿਟੇਨ ਦੇ ਸਾਰੇ ਹਿੱਸਿਆ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਵਿੱਖ ਦੀ ਖੁਸ਼ਹਾਲੀ ਦਾ ਸਹੀ ਹਿੱਸਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਬ੍ਰਿਟੇਨ ਵਿੱਚ ਅਗਲੇ ਪੰਜ ਸਾਲ ਦੌਰਾਨ 600 ਅਰਬ ਪਾਉਂਡ ਤੋਂ ਵੱਧ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।