ਪੈਰਿਸ: ਦੱਖਣੀ ਫਰਾਂਸੀਸੀ ਸ਼ਹਿਰ ਨੀਸ ਦੇ ਇੱਕ ਚਰਚ ਦੇ ਅੰਦਰ ਚਾਕੂ ਦੇ ਨਾਲ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਘੱਟੋ-ਘੱਟ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਅਤੇ ਕਈ ਜ਼ਖਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਵਿਅਕਤੀਆਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ, ਜਿਸ ਦਾ ਸਿਰ ਕਲਮ ਕਰ ਦਿੱਤਾ ਗਿਆ ਹੈ। ਹਮਲਾ ਵੀਰਵਾਰ ਸਵੇਰੇ 9 ਵਜੇ ਸਿਟੀ ਸੈਂਟਰ ਦੇ ਨੋਟੇਰ-ਡੇਮ ਬੇਸਿਲਿਕਾ ਦੇ ਅੰਦਰ ਹੋਇਆ। ਫਰਾਂਸੀਸੀ ਮੀਡੀਆ ਇੱਕ ਦਾ ਸਿਰ ਕਲਮ ਕੀਤੇ ਜਾਣ ਦੀ ਗੱਲ ਕਹਿ ਰਿਹਾ ਹੈ, ਹਾਲਾਂਕਿ ਉਨ੍ਹਾਂ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਫਰਾਂਸ ਦੀ ਪੁਲਿਸ ਨੇ ਇਸ ਘਟਨਾ ਸਥਾਨ ਨੂੰ ਡਰਾਉਣਾ ਦੱਸਿਆ ਹੈ।
ਇਸ ਹਮਲੇ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਖ਼ਤ ਸ਼ਬਦਾਂ ਵਿੱਚ ਨਖੇਧੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟਰ ਸੁਨੇਹੇ ਵਿੱਚ ਕਿਹਾ ਕਿ ਭਾਰਤ ਅੱਤਵਾਦ ਵਿਰੁੱਧ ਜੰਗ ਵਿੱਚ ਫਰਾਂਸ ਦੇ ਨਾਲ ਖੜ੍ਹਾ ਹੈ।
ਨਾਈਸ ਦੇ ਮੇਅਰ ਕ੍ਰਿਸ਼ਚੀਅਨ ਐਸਟ੍ਰੋਸੀ ਨੇ ਕਿਹਾ ਕਿ ਜਦੋਂ ਪੁਲਿਸ ਹਮਲਾਵਰ ਨੂੰ ਹੱਥਕੜੀ ਬੰਨ੍ਹ ਰਹੀ ਸੀ ਤਾਂ ਉਹ ‘ਅੱਲ੍ਹਾ ਅਕਬਰ’ ਦਾ ਨਾਅਰਾ ਲਾ ਰਿਹਾ ਸੀ।