ਕੀਵ: ਰੂਸੀ ਫੌਜੀਆਂ ਨੇ ਸ਼ਨੀਵਾਰ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਧਾਵਾ ਬੋਲ ਦਿੱਤਾ ਅਤੇ ਸ਼ਹਿਰ 'ਚ ਕਈ ਥਾਵਾਂ 'ਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (Ukraine President Vladimir Zelensky) ਨੇ ਦੇਸ਼ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਆਪਣੇ ਦੇਸ਼ ਵਾਸੀਆਂ ਨੂੰ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ ਹੈ। ਜ਼ੇਲੇਂਸਕੀ ਨੇ ਕਿਹਾ ਕਿ ਲੜਾਈ ਅਜੇ ਵੀ ਜਾਰੀ ਹੈ ਅਤੇ ਯੂਕਰੇਨ ਦੇ ਭਵਿੱਖ ਨੂੰ ਨਿਰਧਾਰਤ ਕਰੇਗੀ।
ਜ਼ੇਲੇਂਸਕੀ ਨੂੰ ਅਮਰੀਕੀ ਸਰਕਾਰ ਨੇ ਰਾਜਧਾਨੀ ਕੀਵ ਛੱਡਣ ਲਈ ਕਿਹਾ ਸੀ, ਪਰ ਜ਼ੇਲੇਂਸਕੀ ਨੇ ਇਨਕਾਰ ਕਰ ਦਿੱਤਾ। ਇਸ ਲੜਾਈ ਵਿੱਚ ਹੁਣ ਤੱਕ ਸੈਂਕੜੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਰਾਜਧਾਨੀ ਕੀਵ ਵਿੱਚ ਰੂਸੀ ਫੌਜ ਦੇ ਹਮਲਿਆਂ ਨੇ ਅਪਾਰਟਮੈਂਟ ਦੀਆਂ ਇਮਾਰਤਾਂ ਅਤੇ ਪੁਲਾਂ ਅਤੇ ਸਕੂਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਅਜਿਹੇ ਸੰਕੇਤ ਵੀ ਮਿਲ ਰਹੇ ਹਨ ਕਿ ਰੂਸ ਯੂਕਰੇਨ ਦੀ ਮੌਜੂਦਾ ਸਰਕਾਰ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕਰ ਸਕਦਾ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਉਦੇਸ਼ ਯੂਕਰੇਨ ਦੀ ਮੌਜੂਦਾ ਸਰਕਾਰ ਦਾ ਤਖਤਾ ਪਲਟਣਾ ਹੈ।