ਲੰਡਨ: ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੈਬਨਿਟ ‘ਚ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੂੰ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਲੋਕ ਸ਼ਰਮਾ ਨੂੰ ਵੀ ਬ੍ਰਿਟੇਨ ਦੀ ਕੈਬਿਨੇਟ 'ਚ ਸ਼ਾਮਿਲ ਕੀਤਾ ਗਿਆ ਹੈ। ਪ੍ਰੀਤੀ ਪਟੇਲ ਨੇ ਬ੍ਰਿਟੇਨ ‘ਚ ਭਾਰਤੀ ਮੂਲ ਦੀ ਪਹਿਲੀ ਗ੍ਰਹਿ ਮੰਤਰੀ ਬਣ ਕੇ ਇਤਿਹਾਸ ਰਚਿਆ ਹੈ। ਉਹ ਗ੍ਰੇਗਜਿਟ ਨੂੰ ਲੈ ਕੇ ਥੇਰੇਸਾ ਮੇਅ ਦੀ ਨੀਤੀਆਂ ਦੀ ਮੁੱਖ ਆਲੋਚਕ ਵੀ ਰਹੀ। ਪ੍ਰੀਤੀ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਲਈ ‘ਬੈਕ ਬੋਰਿਸ’ ਮੁਹਿੰਮ ਦੀ ਮੁੱਖ ਮੈਂਬਰ ਸੀ।
ਭਾਰਤੀ ਮੂਲ ਦਾ ਕੋਈ ਵੀ ਵਿਅਕਤੀ ਇਸ ਤੋਂ ਪਹਿਲਾਂ ਕਦੇ ਵੀ ਬ੍ਰਿਟੇਨ ਦੇ ਇਤਿਹਾਸ ‘ਚ ਇੰਨੇ ਉੱਚ ਅਹੁਦੇ ‘ਤੇ ਨਹੀਂ ਪੁੱਜ ਸਕਿਆ। ਗੁਜਰਾਤੀ ਮੂਲ ਦੀ ਨੇਤਾ ਪ੍ਰੀਤੀ ਬ੍ਰਿਟੇਨ ‘ਚ ਭਾਰਤੀ ਮੂਲ ਦੇ ਲੋਕਾਂ ਦੇ ਸਾਰੇ ਖ਼ਾਸ ਪ੍ਰੋਗਰਾਮਾਂ ‘ਚ ਮੁੱਖ ਮਹਿਮਾਨ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਬ੍ਰਿਟੇਨ ‘ਚ ਪ੍ਰਧਾਨ ਮੰਤਰੀ ਮੋਦੀ ਦੇ ਖਾਸ ਪ੍ਰਸ਼ੰਸਕ ਦੇ ਰੂਪ ‘ਚ ਦੇਖਿਆ ਜਾਂਦਾ ਹੈ। ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਦੇ ਪੱਖ ‘ਚ ਜੂਨ 2016 ਦੀ ਰਾਇਸ਼ੁਮਾਰੀ ਦੀ ਅਗਵਾਈ ‘ਚ ਪ੍ਰੀਤੀ ਪਟੇਲ ਨੇ ‘ਵੋਟ ਲੀਵ ਮੁਹਿੰਮ’ ਚਲਾਈ ਸੀ।
ਇਸ ਦੇ ਨਾਲ ਹੀ ਸ੍ਰੀ ਆਲੋਕ ਸ਼ਰਮਾ ਹੁਣ ਕੌਮਾਂਤਰੀ ਵਿਕਾਸ ਮੰਤਰੀ ਹੋਣਗੇ; ਜੋ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੈ।