ਚੰਡੀਗੜ੍ਹ: ਨਾਰਵੇ ਦੀ ਸਿੱਖ ਸੰਗਤ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਨਾਰਵੇ ਪੁਲਿਸ ਡਾਇਰੈਕਟੋਰੇਟ ਕੋਲ ਸਿੱਖਾਂ ਲਈ ਪਾਸਪੋਰਟ ਬਣਵਾਉਣ ਵੇਲੇ ਵਿਤਕਰੇ ਵਾਲੀ ਨੀਤੀ ਦਾ ਮਸਲਾ ਚੁੱਕਿਆ ਅਤੇ ਇਸ ਵਿੱਚ ਤਬਦੀਲੀਆਂ ਕਰਵਾਈਆਂ।
ਨਾਰਵੇ ਦੀ ਸਿੱਖ ਸੰਗਤ ਨੇ ਦਿਨ ਬੁੱਧਵਾਰ ਰਾਤ ਨਾਰਵੇ ਤੋਂ ਕੀਤੀ ਵਰਚੁਅਲ ਕਾਨਫਰੰਸ ਵਿੱਚ ਕਿਹਾ ਕਿ 2018 ਤੋਂ ਨਾਰਵੇ ਵਿੱਚ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਸੀ। ਜਦੋਂ ਇਹ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਉਨ੍ਹਾਂ ਨੂੰ ਪਾਸਪੋਰਟ ਵਾਸਤੇ ਫ਼ੋਟੋ ਖਿਚਵਾਉਣ ਲਈ ਆਪਣੇ ਕੰਨ ਨੰਗੇ ਕਰਨੇ ਪੈਣਗੇ। ਇਨ੍ਹਾਂ ਹੁਕਮਾਂ ਕਾਰਨ ਦਸਤਾਰਧਾਰੀ ਸਿੱਖਾਂ ਨੂੰ ਫ਼ੋਟੋ ਖਿੱਚਵਾਉਣ ਲਈ ਆਪਣੀਆਂ ਦਸਤਾਰਾਂ ਲਾਹੁਣੀਆਂ ਪੈਂਦੀਆਂ ਸਨ।
ਇਸੇ ਤਰ੍ਹਾਂ ਹੀ ਓਸਲੋ ਤੋਂ ਪਰਮੀਤ ਸਿੰਘ, ਉਂਗੇ ਸਿੱਖਰ ਤੋਂ ਸੁਮੀਤ ਸਿੰਘ ਅਤੇ ਨੌਨਿਹਾਲ ਸਿੰਘ ਸਮੇਤ ਮੈਂਬਰਾਂ ਨੇ ਕਿਹਾ ਕਿ ਜਦੋਂ ਵੀ ਸਿੱਖ ਇਮੀਗ੍ਰੇਸ਼ਨ ਦਫ਼ਤਰ ਪੁੱਜਦੇ ਸਨ ਤਾਂ ਉਨ੍ਹਾਂ ਨੂੰ ਪਾਸਪੋਰਟ ’ਤੇ ਲੱਗੀ ਤਸਵੀਰ ਨਾਲ ਮੇਲ ਖਾਂਦਾ ਚਿਹਰਾ ਵਿਖਾਉਣ ਵਾਸਤੇ ਉੱਥੇ ਵੀ ਦਸਤਾਰ ਲਾਹੁਣੀ ਪੈਂਦੀ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿੱਖ ਨੂੰ ਜਨਤਕ ਤੌਰ ’ਤੇ ਆਪਣੀ ਦਸਤਾਰ ਲਾਹੁਣ ਅਤੇ ਫਿਰ ਬੰਨ ਲੈਣ ਵਾਸਤੇ ਕਹਿਣਾ ਬਹੁਤ ਹੀ ਅਪਮਾਨਜਨਕ ਹੁੰਦਾ ਹੈ।
ਨਾਰਵੇ ਸਰਕਾਰ ਵੱਲੋਂ ਇਸੇ ਮਹੀਨੇ ਤੋਂ ਇਹ ਹਦਾਇਤਾਂ ਵਾਪਸ ਲੈਣ ਦੇ ਫ਼ੈਸਲੇ ਮਗਰੋਂ ਕੇਸ ਦੇ ਵੇਰਵੇ ਸਾਂਝੇ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਸਤੰਬਰ 2018 ਵਿੱਚ ਇਸ ਸਬੰਧੀ ਇੱਕ ਮੈਮੋਰੰਡਮ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਨਾਰਵੇ ਵਿੱਚ ਸਿੱਖਾਂ ਦੀ ਛੋਟੀ ਜਿਹੀ ਆਬਾਦੀ 4 ਸਾਲ ਤੋਂ ਇਹ ਮੰਗਾਂ ਮੰਨੇ ਜਾਣ ਲਈ ਸੰਘਰਸ਼ ਕਰ ਰਹੀ ਸੀ। ਜਿਸ ਨੂੰ ਲੈ ਕੇ ਉਨ੍ਹਾਂ ਨੇ ਤੱਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਏਰਨਾ ਸੋਲਬਰਗ ਦੀ ਜਨਵਰੀ 2019 ਵਿੱਚ ਦਿੱਲੀ ਫੇਰੀ ਸਮੇਂ ਇਹ ਮਾਮਲਾ ਉਨ੍ਹਾਂ ਕੋਲ ਚੁੱਕਿਆ ਸੀ।
ਉਨ੍ਹਾਂ ਕਿਹਾ ਕਿ ਇਹ ਨਿਯਮ ਖ਼ਤਮ ਕਰਨ ਦਾ ਫ਼ੈਸਲਾ ਸਿੱਖ ਭਾਈਚਾਰੇ ਲਈ ਇਤਿਹਾਸਕ ਦਿਨ ਹੈ ਅਤੇ ਇਸ ਨਾਲ ਹਿਜਾਬ ਪਾਉਣ ਵਾਲੀਆਂ ਮੁਸਲਿਮ ਔਰਤਾਂ ਨੂੰ ਵੀ ਰਾਹਤ ਮਿਲੇਗੀ। ਪਿਛਲੇ ਹਫਤੇ ਨਾਰਵੇ ਦੇ ਤਿੰਨ ਮੰਤਰੀਆਂ ਨੇ ਗੁਰਦੁਆਰਾ ਸਾਹਿਬ ਪੁੱਜ ਕੇ ਖ਼ੁਦ ਇਸ ਫ਼ੈਸਲੇ ਬਾਰੇ ਸਿੱਖ ਸੰਗਤ ਨੂੰ ਜਾਣੂ ਕਰਵਾਇਆ।