ਸਕਾਟਹੋਮ: ਸਵੀਡਿਸ਼ ਅਕਾਦਮੀ ਨੇ ਸਾਲ 2020 ਦੇ ਸਾਹਿਤ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ। ਇਹ ਐਵਾਰਡ ਅਮਰੀਕਾ ਦੀ ਮਹਿਲਾ ਕਵੀ ਲੁਈਸ ਗਲੂਕ ਨੂੰ ਦਿੱਤਾ ਗਿਆ ਹੈ।
ਸਵੀਡਿਸ਼ ਅਕਾਦਮੀ ਨੇ ਕਿਹਾ ਕਿ ਲੁਈਸ ਗਲੂਕ ਇੱਕ ਅਜਿਹੀ ਆਵਾਜ਼ ਹੈ, ਜਿਨ੍ਹਾਂ ਦੀਆਂ ਰਚਨਾਵਾਂ ਨਿੱਜੀ ਹੋਂਦ ਨੂੰ ਸਰਵ ਵਿਆਪਕ ਬਣਾਉਂਦੀਆਂ ਹਨ। ਉਸ ਦੀਆਂ ਰਚਨਾਵਾਂ ਸਰਲ, ਸੁੰਦਰ ਅਤੇ ਨਿਰਵਿਘਨ ਹਨ।
ਇਸ ਤੋਂ ਪਹਿਲਾਂ ਸਾਲ 1993 'ਚ ਟੋਨੀ ਮਾਰਿਸਨ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ ਸੀ। ਮਾਰਿਸਨ ਇਹ ਪੁਰਸਕਾਰ ਜਿੱਤਣ ਵਾਲੀ ਅਮਰੀਕੀ-ਅਫ਼ਰੀਕੀ ਮੂਲ ਦੀ ਪਹਿਲੀ ਮਹਿਲਾ ਸੀ।
ਸਾਲ 2018 ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਪੁਰਸਕਾਰ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਸਵੀਡਿਸ਼ ਅਕਾਦਮੀ ਨੂੰ ਇਸ ਲਈ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ।
ਸਵੀਡਿਸ਼ ਅਕਾਦਮੀ ਨੇ 2019 'ਚ ਦੋ ਸਾਲਾਂ ਦੇ ਸਾਹਿਤ ਨੋਬਲ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਸਾਲ 2018 ਦੇ ਪੁਰਸਕਾਰ ਲਈ ਪੋਲੈਂਡ ਦੇ ਓਲਗਾ ਟੋਕਰੁਕ ਅਤੇ 2019 'ਚ ਆਸਟ੍ਰੀਆ ਦੇ ਪੀਟਰ ਹੈਂਡਕੇ ਨੂੰ ਪੁਰਸਕਾਰ ਦਿੱਤਾ ਗਿਆ ਸੀ।
ਹੈਂਡਕੇ ਨੂੰ ਸਾਹਿਤ ਨੋਬਲ ਪੁਰਸਕਾਰ ਦਿੱਤੇ ਜਾਣ 'ਤੇ ਵਿਵਾਦ ਹੋ ਗਿਆ ਸੀ। ਅਕਾਦਮੀ ਦੇ ਇਸ ਫੈਸਲੇ ਦੇ ਖ਼ਿਲਾਫ਼ ਥਾਂ-ਥਾਂ ਪ੍ਰਦਰਸ਼ਨ ਵੀ ਹੋਏ ਸੀ। ਹੈਂਡਕੇ ਨੂੰ 1990 ਦੇ ਬਾਲਕਨ ਯੁੱਧਾਂ ਦੌਰਾਨ ਸਰਬੀਆ ਦਾ ਸਮਰਥਕ ਮੰਨਿਆ ਜਾਂਦਾ ਸੀ। ਨੋਬਲ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੂੰ ਸਰਬੀਆਈ ਯੁੱਧ ਅਪਰਾਧਾਂ ਲਈ ਮੁਆਫ਼ੀ ਮੰਗਣ ਲਈ ਕਿਹਾ ਗਿਆ ਸੀ।
ਅਲਬਾਨੀਆ, ਬੋਸਨੀਆ ਅਤੇ ਤੁਰਕੀ ਸਮੇਤ ਕਈ ਦੇਸ਼ਾਂ ਨੇ ਵਿਰੋਧ 'ਚ ਨੋਬਲ ਪੁਰਸਕਾਰ ਸਮਾਰੋਹ ਦਾ ਬਾਈਕਾਟ ਕੀਤਾ ਅਤੇ ਸਾਹਿਤ ਪੁਰਸਕਾਰ ਲਈ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਵਾਲੀ ਕਮੇਟੀ ਦੇ ਮੈਂਬਰ ਨੇ ਅਸਤੀਫਾ ਦੇ ਦਿੱਤਾ।