ਹੈਦਰਾਬਾਦ: ਨਿਜ਼ਾਮ ਦੇ ਫੰਡ ਮਾਮਲੇ ਵਿੱਚ ਪਾਕਿਸਤਾਨ ਨੂੰ ਇੱਕ ਹੋਰ ਝਟਕਾ ਲੱਗਾ ਹੈ। ਬ੍ਰਿਟਿਸ਼ ਹਾਈ ਕੋਰਟ ਦੇ ਜਸਟਿਸ ਮਾਰਕਸ ਸਮਿੱਥ ਨੇ ਪਾਕਿਸਤਾਨ ਨੂੰ ਨਿਜ਼ਾਮ ਕੇਸ ਦੀ ਕਾਨੂੰਨੀ ਕਾਰਵਾਈ ਵਿੱਚ ਆਏ ਲੱਖਾਂ ਰੁਪਏ ਦੀ ਲਾਗਤ ਅਦਾ ਕਰਨ ਦਾ ਆਦੇਸ਼ ਦਿੱਤਾ ਹੈ। ਜਸਟਿਸ ਸਮਿੱਥ ਨੇ ਇਸ ਸਾਲ ਅਕਤੂਬਰ ਵਿੱਚ 71 ਸਾਲ ਪੁਰਾਣੇ ਇੱਕ ਕੇਸ ਵਿੱਚ ਨਿਜ਼ਾਮ ਦੇ 306 ਕਰੋੜ ਦੀ ਰਕਮ ਦੇ ਪਾਕਿਸਤਾਨ ਦੇ ਦਾਅਵੇ ਨੂੰ ਰੱਦ ਕਰ ਭਾਰਤ ਤੇ ਨਿਜ਼ਾਮ ਦੇ ਦੋ ਵੰਸ਼ਜਾਂ ਦੇ ਪੱਖ 'ਚ ਫ਼ੈਸਲਾ ਸੁਣਾਇਆ ਹੈ।
ਨਿਜ਼ਾਮ ਦੇ ਵੰਸ਼ਜ ਰਾਜਕੁਮਾਰ ਮੁਕਰਮ ਜਾਹ ਅਤੇ ਉਸਦੇ ਛੋਟੇ ਮੁਫਤਾਖ਼ਮ ਜਾਹ ਨੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਪਾਕਿਸਤਾਨ ਸਰਕਾਰ ਨਾਲ ਲੰਬੀ ਕਾਨੂੰਨੀ ਲੜਾਈ ਲੜੀ। 1948 ਵਿੱਚ ਦੇਸ਼ ਦੀ ਵੰਡ ਵੇਲੇ ਹੈਦਰਾਬਾਦ ਦੇ ਸੱਤਵੇਂ ਨਿਜ਼ਾਮ, ਮੀਰ ਓਸਮਾਨ ਅਲੀ ਖਾਨ ਨੇ ਲੰਡਨ ਸਥਿਤ ਨੈਟਵੈਸਟ ਬੈਂਕ ਵਿੱਚ ਤਕਰੀਬਨ 10 ਲੱਖ ਪੌਂਡ (ਲਗਭਗ 8.87 ਕਰੋੜ) ਜਮ੍ਹਾ ਕਰਵਾਏ ਸੀ ਜੋ ਹੁਣ ਤਕਰੀਬਨ 35 ਮਿਲੀਅਨ ਪੌਂਡ (ਲਗਭਗ 306 ਕਰੋੜ) ਹੈ।