ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ (UN Secretary-General Antonio Guterres) ਨੇ ਸੋਮਵਾਰ ਨੂੰ ਕਿਹਾ ਕਿ ਉਹ ਭਾਰਤ ਨੂੰ 450 ਗੀਗਾਵਾਟ ਸੂਰਜੀ ਊਰਜਾ ਸਮਰੱਥਾ ਨੂੰ ਹਾਸਲ ਕਰਨ ਲਈ ਮਜ਼ਬੂਤ ਸਮਰਥਨ ਯਕੀਨੀ ਬਣਾਉਣ ਲਈ ਅਮਰੀਕਾ, ਬ੍ਰਿਟੇਨ ਅਤੇ ਕਈ ਹੋਰ ਦੇਸ਼ਾਂ ਨਾਲ 'ਨੇੜਲੇ ਸੰਪਰਕ' 'ਚ ਹਨ। ਗੁਤਾਰੇਸ ਨੇ ਕਿਹਾ ਕਿ ਭਾਰਤ ਨੂੰ ਇੱਕ ਗਠਜੋੜ ਪਸੰਦ ਨਹੀਂ ਹੈ, ਪਰ ਉਸ ਨੇ ਕਈ ਦੁਵੱਲੇ ਰੂਪਾਂ ਦੇ ਸਮਰਥਨ ਨੂੰ ਸਵੀਕਾਰ ਕੀਤਾ ਹੈ।
ਗੁਤਾਰੇਸ 2022 ਵਰਲਡ ਇਕਨਾਮਿਕ ਫੋਰਮ (WEF) ਦੀ ਸ਼ੁਰੂਆਤ ਮੌਕੇ ਇੱਕ ਡਿਜ਼ੀਟਲ ਸੰਬੋਧਨ ਦੇ ਰਹੇ ਸੀ। ਉਨ੍ਹਾਂ ਕਿਹਾ ਕਿ ਕੋਲੇ ਦੇ ਇਸਤੇਮਾਲ ਨੂੰ ਪੜਾਅਵਾਰ ਬੰਦ ਕਰਨਾ ਸਾਰਿਆਂ ਦੀ ਤਰਜੀਹ ਹੋਣੀ ਚਾਹੀਦੀ ਹੈ ਅਤੇ ਕੋਈ ਨਵਾਂ ਕੋਲਾ ਪਲਾਂਟ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ "ਅਮਰੀਕਾ ਅਤੇ ਚੀਨ ਵਿਚਕਾਰ ਇੱਕ ਸਮਝੌਤਾ ਹੋਇਆ ਹੈ, ਅਤੇ ਮੈਨੂੰ ਉਮੀਦ ਹੈ ਕਿ ਇਸ ਨਾਲ ਚੀਨ ਨੂੰ ਵਧੇਰੇ ਲੋੜੀਂਦੀਆਂ ਤਕਨਾਲੋਜੀਆਂ ਪ੍ਰਾਪਤ ਹੋਣਗੀਆਂ ਤਾਂ ਜੋ ਉਹ ਕੋਲੇ ਦੀ ਵਰਤੋਂ ਨੂੰ ਹੋਰ ਤੇਜ਼ੀ ਨਾਲ ਖਤਮ ਕਰ ਸਕਣ।"