ਪੈਰਿਸ: ਫਰਾਂਸ ‘ਚ ਪੈਰਿਸ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ‘ਚ ਦੋਸ਼ੀ ਠਹਿਰਾਉਂਦਿਆਂ ਉਸ ਨੂੰ ਇੱਕ ਸਾਲ ਦੀ ਕੈਦ ਅਤੇ ਦੋ ਸਾਲ ਦੀ ਮੁਅੱਤਲ ਕੈਦ ਦੀ ਸਜਾ ਸੁਣਾਈ ਹੈ।
2007 ਤੋਂ 2012 ਤੱਕ ਫਰਾਂਸ ਵਿੱਚ ਰਾਸ਼ਟਰਪਤੀ ਰਹੇ ਸਰਕੋਜ਼ੀ (66) ਨੂੰ ਸਾਲ 2014 ‘ਚ ਇੱਕ ਸੀਨੀਅਰ ਮੈਜਿਸਟਰੇਟ ਤੋਂ ਗੈਰ ਕਾਨੂੰਨੀ ਢੰਗ ਨਾਲ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਲਈ ਇੱਕ ਕਾਨੂੰਨੀ ਕੇਸ ‘ਚ ਦੋਸ਼ੀ ਠਹਿਰਾਇਆ ਗਿਆ ਹੈ।
ਅਦਾਲਤ ਨੇ ਕਿਹਾ ਕਿ ਸਰਕੋਜ਼ੀ ਘਰ ‘ਚ ਨਜ਼ਰਬੰਦ ਰਹਿਣ ਦੀ ਬੇਨਤੀ ਕਰ ਸਕਣਗੇ ਅਤੇ ਇਲੈਕਟ੍ਰਾਨਿਕ ਪੱਟੀ ਪਾਉਣੀ ਪਵੇਗੀ।
ਫਰਾਂਸ ਦੇ ਆਧੁਨਿਕ ਇਤਿਹਾਸ ‘ਚ ਸਰਕੋਜ਼ੀ ਪਹਿਲਾ ਸਾਬਕਾ ਰਾਸ਼ਟਰਪਤੀ ਹੈ, ਜਿਸ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ‘ਚ ਦੋਸ਼ੀ ਠਹਿਰਾਇਆ ਗਿਆ ਹੈ।
ਉਸ ਦੇ ਵਕੀਲ ਅਤੇ ਪੁਰਾਣੇ ਦੋਸਤ ਥੈਰੀ ਹਰਜੋਗ (65) ਅਤੇ ਰਿਟਾਇਰਡ ਮੈਜਿਸਟਰੇਟ ਗਿਲਬਰਟ ਇਗੀਬਰਟ (74) ਜਿਨ੍ਹਾਂ ਨੇ ਸਰਕੋਜ਼ੀ ਦਾ ਬਚਾਅ ਕੀਤਾ ਸੀ ਉਨ੍ਹਾਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ। ਦੋਵਾਂ ਨੂੰ ਸਰਕੋਜ਼ੀ ਦੇ ਬਰਾਬਰ ਸਜ਼ਾ ਦਿੱਤੀ ਗਈ ਹੈ।
ਅਦਾਲਤ ਨੇ ਕਿਹਾ ਕਿ ਇਹ ਤੱਥ ਇਸ ਲਈ ਗੰਭੀਰ ਹੈ, ਕਿਉਂਕਿ ਸਾਬਕਾ ਰਾਸ਼ਟਰਪਤੀ ਨੇ ਆਪਣੇ ਅਹੁਦੇ ਦਾ ਲਾਭ ਚੁੱਕਦਿਆਂ ਮੈਜਿਸਟਰੇਟ ਤੋਂ ਨਿੱਜੀ ਲਾਭ ਲੈਣ ਦਾ ਕੰਮ ਕੀਤਾ।
ਸਰਕੋਜ਼ੀ ਨੇ ਪਿਛਲੇ ਸਾਲ ਦੇ ਅੰਤ ‘ਚ 10 ਦਿਨਾਂ ਦੀ ਸੁਣਵਾਈ ‘ਚ ਆਪਣੇ ਉੱਤੇ ਲਗਾਏ ਗਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਫਰਵਰੀ 2014 ‘ਚ ਭ੍ਰਿਸ਼ਟਾਚਾਰ ਦਾ ਇਹ ਕੇਸ ਫੋਨ ਗੱਲਬਾਤ ਦੀ ਰਿਕਾਰਡਿੰਗ ਸਾਹਮਣੇ ਆਉਣ ਤੋਂ ਬਾਅਦ ਸ਼ੁਰੂ ਹੋਇਆ ਸੀ। ਜੱਜਾਂ ਨੇ ਸ਼ੁਰੂ ‘ਚ 2007 ਦੀਆਂ ਚੋਣਾਂ ਸਮੇਂ ਵਿੱਤ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਸਰਕੋਜ਼ੀ ਅਤੇ ਹਰਜੋਗ ਗੁਪਤ ਮੋਬਾਈਲ ਫੋਨ ਨਾਲ ਗੱਲਬਾਤ ਕਰ ਰਹੇ ਸਨ।
ਸਰਕੋਜ਼ੀ ਦਾ ਬਚਾਅ ਕਰਨ ਵਾਲੀ ਇੱਕ ਵਕੀਲ ਜੈਕਲੀਨ ਲੈਫੋਂਟ ਨੇ ਦਲੀਲ ਦਿੱਤੀ ਕਿ ਪੂਰਾ ਮਾਮਲਾ ਇੱਕ ਵਕੀਲ ਅਤੇ ਉਸ ਦੇ ਮੁਵੱਕਲ ਦਰਮਿਆਨ ਹੋਈ ਸੰਖੇਪ ਗੱਲਬਾਤ ਉੱਤੇ ਅਧਾਰਿਤ ਹੈ।
ਫਰਾਂਸ ‘ਚ 2017 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਕੰਜ਼ਰਵੇਟਿਵ ਪਾਰਟੀ ਵੱਲੋਂ ਉਮੀਦਵਾਰ ਖੜ੍ਹੇ ਨਾ ਕੀਤੇ ਜਾਣ ਤੋਂ ਬਾਅਦ ਸਰਕੋਜ਼ੀ ਸਰਗਰਮ ਰਾਜਨੀਤੀ ਤੋਂ ਦੂਰ ਹੋ ਗਏ ਸੀ।
ਸਰਕੋਜ਼ੀ ਨੂੰ ਇਸ ਮਹੀਨੇ 13 ਹੋਰਨਾਂ ਦੇ ਨਾਲ 2012 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਨਾਜਾਇਜ਼ ਫੰਡਾਂ ਦੀ ਵਰਤੋਂ ਕਰਨ ਦੇ ਦੋਸ਼ ‘ਚ ਇੱਕ ਹੋਰ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।
ਇਹ ਇਲਜਾਮ ਲਗਾਇਆ ਗਿਆ ਹੈ ਕਿ ਸਰਕੋਜ਼ੀ ਦੀ ਪਾਰਟੀ ਨੇ ਚੋਣ ਪ੍ਰਚਾਰ ਦੌਰਾਨ 4.28 ਕਰੋੜ ਯੂਰੋ ਖਰਚ ਕੀਤੇ ਸਨ।
ਇਹ ਵੀ ਪੜ੍ਹੋ:ਲਖਨਊ ਜਾ ਰਹੇ ਭਾਰਤੀ ਜਹਾਜ਼ ’ਚ 1 ਦੀ ਮੌਤ, ਪਾਕਿ ’ਚ ਕਰਨੀ ਪਈ ਐਂਮਰਜੈਂਸੀ ਲੈਂਡਿੰਗ