ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਵਿਸ਼ਵ ਵਿਆਪੀ ਪੱਧਰ ਤੇ 27 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਇਸ ਵਾਇਰਸ ਨਾਲ ਪੀੜਤ ਲੋਕਾਂ ਦਾ ਆਂਕੜਾ 6 ਲੱਖ ਨੂੰ ਛੂਹਣ ਵਾਲਾ ਹੈ।
ਇਸ ਵਾਇਰਸ ਨੇ ਇਟਲੀ ਵਰਗੇ ਡਾਕਟਰੀ ਮੁਹਾਰਤ ਵਾਲੇ ਮੁਲਕ ਵਿੱਚ ਇੱਕ ਹੀ ਦਿਨ ਵਿੱਚ 919 ਅਣਮੁੱਲੀਆਂ ਮਨੁੱਖੀ ਜਾਨਾਂ ਲੈ ਲਈਆਂ ਹਨ।
ਇਟਲੀ ਵਿੱਚ ਇੱਕ ਦਿਨ ਵਿੱਚ ਹੋਈਆਂ ਮੌਤਾਂ ਨੇ ਸਾਰੇ ਦੇਸ਼ਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਖ਼ਬਰ ਨਸ਼ਰ ਹੋਣ ਤੱਕ ਦੇਸ਼ ਵਿੱਚ 9 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਇਕੱਲੇ ਇਟਲੀ ’ਚ ਹੀ 86 ਹਜ਼ਾਰ ਤੋਂ ਵੱਧ ਕੋਰੋਨਾ–ਪਾਜ਼ਿਟਿਵ ਮਰੀਜ਼ ਹਨ। ਇਸ ਦੇਸ਼ ਵਿੱਚ ਪਹਿਲਾਂ ਵੀਰਵਾਰ ਨੂੰ 712, ਬੁੱਧਵਾਰ ਨੂੰ 683, ਮੰਗਲਵਾਰ ਨੂੰ 743 ਤੇ ਸੋਮਵਾਰ ਨੂੰ 602 ਵਿਅਕਤੀਆਂ ਦੀ ਜਾਨ ਕੋਰੋਨਾ ਵਾਇਰਸ ਕਾਰਨ ਗਈ ਸੀ।
ਇਸ ਤੋਂ ਇਲਾਵਾ ਸਪੇਨ ਵਿੱਚ ਵੀ ਇਸ ਵਾਇਰਸ ਨੇ ਇੱਕੋ ਹੀ ਦਿਨ ਵਿੱਚ 769 ਲੋਕਾਂ ਦੀ ਜਾਨ ਲੈ ਲਈ ਹੈ ਜਿਸ ਨਾਲ ਇਸ ਮੁਲਕ ਵਿੱਚ ਹੁਣ ਤੱਕ 5000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਜਿੱਥੇ ਵਾਇਰਸ ਸ਼ੁਰੂ ਹੋਇਆ ਸੀ ਉਸ ਨਾਲੋਂ ਕਿਤੇ ਜ਼ਿਆਦਾ ਹੋ ਗਈ ਹੈ।
ਇਰਾਨ ਵਿੱਚ ਵੀ ਮੌਤਾਂ ਦਾ ਆਂਕੜਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਤਾਜ਼ਾ ਰਿਪੋਰਟ ਮੁਤਾਬਕ ਇਰਾਨ ਵਿੱਚ 2350 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ ਜੇ ਇਸ ਤੇ ਛੇਤੀ ਹੀ ਰੋਕ ਨਾ ਲੱਗੀ ਤਾਂ ਇਹ ਮੁਲਕ ਵੀ ਮੌਤਾਂ ਦੀ ਗਿਣਤੀ ਵਿੱਚ ਚੀਨ ਤੋਂ ਅੱਗੇ ਲੰਘ ਜਾਵੇਗਾ।
ਹੁਣ ਜੇ ਵਿਸ਼ਵ ਸ਼ਕਤੀ ਕਹੇ ਜਾਣ ਵਾਲੇ ਦੇਸ਼ ਅਮਰੀਕਾ ਦੇ ਗ੍ਰਾਫ਼ ਤੇ ਵੀ ਇੱਕ ਝਾਤ ਪਾ ਲਈ ਜਾਵੇ ਤਾਂ ਪਾਜ਼ੀਟਿਵ ਕੇਸਾਂ ਦੀ ਗਿਣਤੀ ਇੱਥੇ ਚੀਨ ਨੂੰ ਪਿੱਛੇ ਛੱਡ ਗਈ ਹੈ। ਜੇ ਪੂਰੇ ਵਿਸ਼ਵ ਵਿੱਚ ਪੀੜਤਾਂ ਦੀ ਗਿਣਤੀ 6 ਲੱਖ ਹੈ ਤਾਂ ਇਕੱਲੇ ਅਮਰੀਕਾ ਵਿੱਚ ਹੀ ਇਸ ਦੀ ਗਿਣਤੀ 1 ਲੱਖ ਤੋਂ ਪਾਰ ਹੋ ਗਈ ਹੈ। ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 1700 ਨੂੰ ਪਾਰ ਕਰ ਗਈ ਹੈ ਇਸ ਦੇ ਮੱਦੇਨਜ਼ਰ ਅਮਰੀਕਾ ਨੇ ਆਪਣੇ ਮੁਲਕ ਵਿੱਚ ਇਸ ਬਿਮਾਰੀ ਨਾਲ ਨਜਿੱਠਣ ਲਈ 2 ਟ੍ਰਿਲੀਅਨ ਡਾਲਰ ਦਾ ਬਜਟ ਵੀ ਰੱਖਿਆ ਹੈ।