ਜਿਨੇਵਾ: ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਦਫ਼ਤਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਕਾਰਨ ਇਸ ਸਾਲ ਮਨੁੱਖੀ ਸਹਾਇਤਾ ਦੀ ਜ਼ਰੂਰਤ ਅਚਾਨਕ ਵਧੀ ਹੈ ਅਤੇ 2021 'ਚ 23 ਕਰੋੜ 50 ਲੱਖ ਲੋਕਾਂ ਦੀ ਮਦਦ ਦੀ ਜ਼ਰੂਰਤ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਇਸ ਦਾ ਕਾਰਨ ਦੁਨੀਆ ਭਰ ਵਿੱਚ ਫ਼ੈਲੀ ਕੋਰੋਨਾ ਵਾਇਰਸ ਮਹਾਮਾਰੀ ਅਤੇ ਸੰਰਘਰਸ਼, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਗਲੋਬਲ ਵਾਰਮਿੰਗ ਸ਼ਾਮਿਲ ਹਨ। ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦੇ ਦਫ਼ਤਰ (ਓਸੀਏਐਚਏ) ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਨਾਲੋਂ 2021 ਵਿੱਚ 40 ਫ਼ੀਸਦੀ ਵਧੇਰੇ ਲੋਕਾਂ ਨੂੰ ਇਸ ਕਿਸਮ ਦੀ ਸਹਾਇਤਾ ਦੀ ਜ਼ਰੂਰਤ ਹੋਏਗੀ।
35 ਬਿਲੀਅਨ ਡਾਲਰ ਦੀ ਜ਼ਰੂਰਤ ਹੋਏਗੀ
ਓਸੀਐਚਏ ਨੇ ਮੰਗਲਵਾਰ ਨੂੰ ਆਪਣੇ ਤਾਜ਼ਾ ਸਾਲਾਨਾ ‘ਗਲੋਬਲ ਮਾਨਵਤਾਵਾਦੀ ਨਿਗਰਾਨੀ’ ਵਿੱਚ ਕਿਹਾ ਕਿ ਲੋੜਵੰਦ 16 ਕਰੋੜ ਲੋਕਾਂ ਤੱਕ ਪਹੁੰਚਣ ਲਈ ਇਸ ਨੂੰ 35 ਅਰਬ ਡਾਲਰ ਦੀ ਜ਼ਰੂਰਤ ਹੋਏਗੀ। ਇਹ ਰਕਮ ਅੰਤਰਰਾਸ਼ਟਰੀ ਮਾਨਵਤਾਵਾਦੀ ਸਹਾਇਤਾ ਲਈ ਦਾਨ ਦੇ ਰੂਪ ਵਿੱਚ ਇਸ ਸਾਲ ਹੁਣ ਤੱਕ ਪ੍ਰਾਪਤ ਹੋਈ 17 ਅਰਬ ਡਾਲਰ ਦੀ ਰਾਸ਼ੀ ਨਾਲੋਂ ਦੁੱਗਣੀ ਹੈ।
ਮਹਾਮਾਰੀ ਨੇ ਸਭ ਤੋਂ ਵੱਧ ਨੁਕਸਾਨ ਕੀਤਾ
ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਵਿਭਾਗ ਦੇ ਮੁਖੀ ਮਾਰਕ ਲੋਕਾਕ ਨੇ ਕਿਹਾ ਕਿ ਮਨੁੱਖੀ ਸਹਾਇਤਾ ਦੀ ਜ਼ਰੂਰਤ ਦੀ ਤਸਵੀਰ ਇਸ ਸਾਲ ਸਭ ਤੋਂ ਨਿਰਾਸ਼ਾਜਨਕ ਅਤੇ ਬੁਰੀ ਹੈ ਤੇ ਇਸਦਾ ਕਾਰਨ ਇਹ ਹੈ ਕਿ ਵਿਸ਼ਵਵਿਆਪੀ ਮਹਾਮਾਰੀ ਨੇ ਧਰਤੀ ਦੇ ਸਭ ਤੋਂ ਕਮਜ਼ੋਰ ਅਤੇ ਵਾਂਝੇ ਦੇਸ਼ਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ।
ਗ਼ਰੀਬੀ ਤੇ ਮੌਤ ਦਰ ਵਧੇਗੀ
ਮਾਰਕ ਲੋਕਾਕ ਨੇ ਕਿਹਾ ਕਿ 1990 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਅਤਿ ਦੀ ਗਰੀਬੀ ਵਧੇਗੀ, ਔਸਤਨ ਉਮਰ ਦੀ ਦਰ ਘੱਟ ਜਾਵੇਗੀ ਅਤੇ ਐਚਆਈਵੀ, ਟੀ ਬੀ ਅਤੇ ਮਲੇਰੀਆ ਨਾਲ ਮਰਨ ਵਾਲਿਆਂ ਦੀ ਸਾਲਾਨਾ ਗਿਣਤੀ ਦੁੱਗਣੀ ਹੋ ਜਾਵੇਗੀ। ਭੁੱਖਮਰੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸੰਖਿਆ ਵੀ ਦੁੱਗਣੀ ਹੋਣ ਦੇ ਆਸਾਰ ਹਨ। ਉਸੇ ਸਮੇਂ, ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਕੋਵਿਡ -19 ਦੇ ਪ੍ਰਭਾਵ ਕਾਰਨ ਮਨੁੱਖਤਾ ਦੀ ਸਹਾਇਤਾ ਦੇ ਬਜਟ ਵਿੱਚ ਭਾਰੀ ਗਿਰਾਵਟ ਆ ਰਹੀ ਹੈ।
ਪਾਕਿਸਤਾਨ ਨੂੰ ਵੀ ਹੋਏਗੀ ਮਦਦ ਦੀ ਜ਼ਰੂਰਤ
ਲੋਕਾਕ ਨੇ ਕਿਹਾ ਕਿ ਯਮਨ ਵਿੱਚ ‘ਵੱਡੇ ਪੱਧਰ 'ਤੇ ਭੁੱਖਮਰੀ’ ਦਾ ਖ਼ਤਰਾ ਹੈ। ਸੰਕਟ 'ਚ ਘਿਰੇ ਸੀਰੀਆ ਨੂੰ ਵੱਡੀ ਵਿੱਤੀ ਮਦਦ ਦੀ ਲੋੜ ਹੈ। ਓਸੀਐਚਏ ਨੇ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਅਫ਼ਗਾਨਿਸਤਾਨ, ਕਾਂਗੋ, ਹੈਤੀ, ਨਾਈਜੀਰੀਆ, ਦੱਖਣੀ ਸੁਡਾਨ, ਯੂਕ੍ਰੇਨ ਅਤੇ ਵੈਨਜ਼ੂਏਲਾ ਨੂੰ ਮਦਦ ਦੀ ਜ਼ਰੂਰਤ ਹੈ। ਇਸ ਸੂਚੀ ਵਿੱਚ ਸ਼ਾਮਿਲ ਕੀਤੇ ਗਏ ਨਵੇਂ ਨਾਵਾਂ ਵਿੱਚ ਮੋਜ਼ਾਮਬੀਕ, ਪਾਕਿਸਤਾਨ ਅਤੇ ਜ਼ਿੰਬਾਬਵੇ ਵੀ ਸ਼ਾਮਿਲ ਹਨ।