ਨਵੀਂ ਦਿੱਲੀ: ਚੀਨ ਵਿੱਚ ਫੈਲ ਚੁੱਕੇ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 213 ਹੋ ਚੁੱਕੀ ਹੈ।ਇਸ ਦੀ ਜਾਣਕਾਰੀ ਚੀਨ ਦੇ ਅਧਿਕਾਰੀਆਂ ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਹੈ। ਇਸੇ ਨਾਲ ਹੀ ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਵਾਇਰਸ ਨੂੰ ਵਿਸ਼ਵ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ।
ਚੀਨ ਦਾ ਹੁਬਾਈ ਸੂਬਾ ਇਸ ਵਾਇਰਸ ਦਾ ਕੇਂਦਰ ਹੈ , ਜਿਥੇ ਹੁਣ ਤੱਕ ਸਭ ਤੋਂ ਵੱਧ 204 ਲੋਕ ਮਾਰੇ ਜਾ ਚੁੱਕੇ ਹਨ ਤੇ 5,806 ਲੋਕਾਂ ਦੇ ਦੇ ਕੋਰੋਨਾ ਵਾਰਿਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ਵਿੱਚ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 9,692 ਤੱਕ ਪਹੁੰਚ ਚੁੱਕੀ ਹੈ।ਚੀਨ ਤੋਂ ਬਾਹਰ ਕੁਲ 18 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ ਕੋਰੋਨਾ ਵਾਇਰਸ ਅਤੇ 100 ਲੋਕਾਂ ਦੇ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
WHO ਕੋਰੋਨਾ ਵਾਇਰਸ ਨੂੰ ਐਲਾਨਿਆ ਵਿਸ਼ਵ ਸਿਹਤ ਐਮਰਜੈਂਸੀ WHO ਨੇ ਕਿਹਾ ਕਿ 18 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਫੈਲ ਚੁੱਕਿਆ ਹੈ ਅਤੇ ਇਟਲੀ ਨੇ ਪਹਿਲੇ ਕੇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਦੋ ਚੀਨੀ ਸੈਲਾਨੀਆਂ ਵਿੱਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਟਲੀ ਦੇ ਪ੍ਰਧਾਨ ਮੰਤਰੀ ਜਿਊਸਪ ਕੌਂਟ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਚੀਨ ਅਤੇ ਇਟਲੀ ਵਿੱਚਕਾਰ ਹਵਾਈ ਆਵਾਜਾਈ ਉੱਤੇ ਪੂਰਨ ਪਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਰਨਲ ਟੇਡਰੋਸ ਅਡਾਨੋਮ ਗੈਬਰੇਅਸਿਸ ਨੇ ਕਿਹਾ ਕਿ ਸੰਗਠਨ ਚੀਨ 'ਤੇ ਯਾਤਰਾ ਜਾਂ ਵਪਾਰ 'ਤੇ ਪਾਬੰਦੀਆਂ ਲਗਾਉਣ ਦੀ "ਸ਼ਿਫਾਰਸ਼ ਨਹੀਂ ਕਰਦਾ ਅਤੇ ਅਸਲ ਵਿੱਚ ਵਿਰੋਧ ਕਰਦਾ ਹੈ।" ਚੀਨ ਦੇ ਵਿਦੇਸ਼ ਵਿਭਾਗ ਦੀ ਬੁਲਾਰੇ ਹੁਆ ਚੂਨਯਿੰਗ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ "ਜਦੋਂ ਦਾ ਇਹ ਵਾਇਰਸ ਫੈਲਿਆ ਹੈ , ਉਸ ਵੇਲੇ ਤੋਂ ਹੀ ਚੀਨ ਦੀ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਜਿੰਮੇਵਾਰੀ ਸਮਝ ਦੇ ਹੋਏ ਵਾਇਰਸ ਨੂੰ ਰੋਕਣ ਲਈ ਹਰ ਮਾਪਦੰਡ ਆਪਣਾ ਰਹੀ ਹੈ।"
ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਪੂਰਨ ਭਰੋਸਾ ਹੈ ਕਿ ਅਸੀਂ ਇਸ ਮਹਾਬਿਮਾਰੀ ਨਾਲ ਨਜਿੱਠਣ ਦੀ ਪੂਰਨ ਸਮਰਥਾ ਰੱਖਦੇ ਹਾਂ।ਅਸੀਂ ਇਸ ਮਾਮਲੇ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨਾਲ ਨੇੜੇ ਤੋਂ ਸੰਪਰਕ ਵਿੱਚ ਹਾਂ ਅਤੇ ਪੂਰਾ ਸਹਿਯੋਗ ਕਰ ਰਹੇ ਹਾਂ।
ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਕੇਰਲਾ ਸੂਬੇ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਇੱਕ ਕੇਸ ਦੀ ਪੁਸ਼ਟੀ ਹੋ ਚੁੱਕੀ ਹੈ।