ਦੁਬਈ: ਗਲਫੂਡ 2020 ਦੇ 25ਵੇਂ ਐਡੀਸ਼ਨ ਮੌਕੇ ਭਾਰਤੀ ਪ੍ਰਦਰਸ਼ਕਾਂ ਦਾ ਹੋਸਲਾ ਵੱਧਾਉਣ ਦੇ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸ਼ਾਮਿਲ ਹੋਈ। ਇਸ ਮੌਕੇ ਹਰਸਿਮਰਤ ਨੇ ਇੰਡੀਆ ਪਵੇਲੀਅਨ ਦਾ ਉਦਘਾਟਨ ਵੀ ਕੀਤਾ।
ਮੇਲੇ ਦਾ ਦੌਰਾ ਕਰਦਿਆਂ ਹਰਸਿਮਰਤ ਨੇ ਭਾਰਤੀ ਪ੍ਰਦਰਸ਼ਕਾਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਗਲਫੂਡ 2020 ਪਲੇਟਫਾਰਮ ਨੂੰ ਵਿਦੇਸ਼ੀ ਨਿਵੇਸ਼ਕਾਂ ਨਾਲ ਕਾਰੋਬਾਰੀ ਭਾਈਵਾਲੀਆਂ ਬਣਾਉਣ ਲਈ ਇਸਤੇਮਾਲ ਕਰਨ ਅਤੇ ਭਾਰਤ ਤੋਂ ਪੱਛਮੀ ਬਜ਼ਾਰ ਵਿੱਚ ਖੁਰਾਕ ਉਤਪਾਦਾਂ ਦੇ ਨਿਰਯਾਤ ਨੂੰ ਤੇਜ਼ ਕਰਨ। ਹਰਸਿਮਰਤ ਨੇ ਉਨ੍ਹਾਂ ਲਈ ਭਾਰਤ, ਯੂਏਈ ਅਤੇ ਬਾਕੀ ਦੇਸ਼ਾਂ ਵਿੱਚ ਸੰਭਾਵਿਤ ਕਾਰੋਬਾਰੀਆਂ ਮੌਕਿਆਂ ਬਾਰੇ ਚਰਚਾ ਕੀਤੀ।
ਕੇਂਦਰੀ ਮੰਤਰੀ ਨੇ ਯੂਏਆਈ ਅੰਦਰ ਫੂਡ ਬਿਜ਼ਨਸ ਕਰਦੀਆਂ ਕੰਪਨੀਆਂ ਨਾਲ ਵੱਖਰੇ ਤੌਰ 'ਤੇ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਦੌਰਾਨ ਹੋਈ ਚਰਚਾ ਦੇ ਆਧਾਰ 'ਤੇ ਯੂਏਈ ਦੀਆਂ ਸੁਪਰ ਮਾਰਕੀਟਾਂ ਵਿੱਚ ਭਾਰਤੀ ਉਤਪਾਦਾਂ ਨੂੰ ਲਾਂਚ ਕਰਨ ਵਾਸਤੇ ਲੋੜੀਂਦੀ ਮੱਦਦ ਦੇਣ ਲਈ ਇੱਕ ਫੰਡ ਸਥਾਪਤ ਦੇ ਪ੍ਰਸਤਾਵ ਨੂੰ ਵਿਚਾਰਿਆ ਗਿਆ।
ਇੰਡੀਆ ਯੂਏਈ ਖੁਰਾਕ ਸੁਰੱਖਿਆ ਲਾਂਘਾ ਪ੍ਰਾਜੈਕਟ ਦੇ ਨੁੰਮਾਇਦੇ ਨਾਲ ਵਿਚਾਰ ਚਰਚਾ ਕਰਦਿਆਂ ਕੇਂਦਰੀ ਮੰਤਰੀ ਨੇ ਪ੍ਰਸਤਾਵ ਪੇਸ਼ ਕੀਤਾ ਕਿ MOFPI ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਪ੍ਰਾਜੈਕਟ ਨੂੰ ਜਲਦੀ ਸ਼ੁਰੂ ਕਰਨ ਉੱਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਸਾਰੀ ਲੋੜੀਂਦੀ ਮੱਦਦ ਮੰਤਰਾਲੇ ਵੱਲੋਂ ਇਨਵੈਸਟ ਇੰਡੀਆ ਦੇ ਜ਼ਰੀਏ ਪ੍ਰਦਾਨ ਕੀਤੀ ਜਾਵੇਗੀ।
ਕੇਂਦਰੀ ਮੰਤਰੀ ਨੇ ਕਿਹਾ ਭਾਰਤ ਅਤੇ ਯੂਏਈ ਪਿਛਲੇ ਕਈ ਸਾਲਾਂ ਤੋਂ ਇੱਕ ਦੂਜੇ ਦੇ ਵੱਡੇ ਕਾਰੋਬਾਰੀ ਭਾਈਵਾਲ ਰਹੇ ਹਨ। ਮੌਜੂਦਾ ਸਮੇਂ ਯੂਏਈ ਤੀਜਾ ਸਭ ਤੋਂ ਵੱਡਾ ਕਾਰੋਬਾਰੀ ਭਾਈਵਾਲ ਹੈ, ਜਿਸ ਨਾਲ 2018-19 ਵਿਚ ਭਾਰਤ ਦਾ ਦੁਵੱਲਾ ਵਪਾਰ 59.909 ਅਮਰੀਕੀ ਡਾਲਰ ਤਕ ਪਹੁੰਚ ਗਿਆ ਸੀ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਭਾਰਤ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਇੱਕ ਉੱਭਰ ਰਿਹਾ ਸੈਕਟਰ ਹੈ, ਜੋ ਕਿ ਆਪਣੀ ਗੁਣਵੱਤਾ ਵਧਾਉਣ ਦੀ ਸ਼ਾਨਦਾਰ ਸੰਭਾਵਨਾ, ਮਹਿੰਗਾਈ ਨੂੰ ਕਾਬੂ ਕਰਨ ਦੀ ਸਮਰੱਥਾ ਅਤੇ ਕਿਸਾਨਾਂ ਨੂੰ ਫਸਲਾਂ ਦੀਆਂ ਵਧੀਆਂ ਕੀਮਤਾਂ ਦੇਣ ਕਰਕੇ ਇੱਕ ਤੇਜ਼ੀ ਨਾਲ ਵਿਕਾਸ ਕਰ ਰਹੇ ਸੈਕਟਰ ਵਜੋਂ ਉੱਭਰਿਆ ਹੈ।
ਕੇਂਦਰੀ ਮੰਤਰੀ ਨੇ ਡੈਲੀਗੇਟਾਂ ਨੂੰ ਇਹ ਵੀ ਦੱਸਿਆ ਕਿ 1.3 ਬਿਲੀਅਨ ਅਬਾਦੀ, ਵਧ ਰਹੀ ਖਰੀਦ ਸ਼ਕਤੀ, ਕੱਚੇ ਮਾਲ ਦੀ ਉਪਲੱਬਧਤਾ, ਜਵਾਨ ਅਤੇ ਹੁਨਰਮੰਦ ਕਾਮਿਆਂ ਦੀ ਮੌਜੂਦਗੀ ਅਤੇ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਲਈ ਭਾਰਤ ਸਰਕਾਰ ਵੱਲੋਂ ਦਿੱਤੇ ਜਾ ਰਹੇ ਬਹੁਤ ਸਾਰੇ ਆਰਥਿਕ ਲਾਭਾਂ ਕਰਕੇ ਭਾਰਤ ਇੱਕ ਬਹੁਤ ਵੱਡਾ ਬਜ਼ਾਰ ਹੈ।
ਉਨ੍ਹਾਂ ਦੱਸਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ 'ਮੇਕ ਇਨ ਇੰਡੀਆ' ਤਹਿਤ ਕਾਰੋਬਾਰ ਦੀ ਸੌਖ ਵਾਸਤੇ ਮਾਹੌਲ ਨੂੰ ਸੁਧਾਰਨ ਲਈ ਬਹੁਤ ਸਾਰੇ ਕਦਮ ਚੁੱਕੇ ਗਏ ਹਨ, ਜੋ ਕਿ ਭਾਰਤ ਨੂੰ ਇੱਕ ਗਲੋਬਲ ਮੈਨੂਫੈਕਚਰਿੰਗ ਹੱਬ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਖੁਰਾਕ ਨਾਲ ਜੁੜੇ ਉਦਯੋਗਾਂ ਦੇ ਰੈਗੂਲੇਟਰੀ ਮੈਕਾਨਿਜ਼ਮ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਨਾਲ ਜੋੜ ਦਿੱਤਾ ਗਿਆ ਹੈ, ਜਿਸ ਨਾਲ ਭਾਰਤੀ ਨਿਰਯਾਤ ਨੂੰ ਗਲੋਬਲ ਬਜ਼ਾਰਾਂ ਅੰਦਰ ਵਧੇਰੇ ਸਵੀਕਾਰਯੋਗ ਬਣਾਇਆ ਜਾ ਰਿਹਾ ਹੈ।
ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਵੱਲੋਂ ਯੂਏਈ ਨੂੰ ਸਭ ਤੋਂ ਜ਼ਿਆਦਾ ਖੁਰਾਕ ਉਤਪਾਦ ਨਿਰਯਾਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅੰਦਰ ਅਨਾਜ, ਫਲਾਂ, ਸਬਜ਼ੀਆਂ ਅਤੇ ਦੁੱਧ ਦਾ ਭੰਡਾਰ ਹੈ, ਪਰ ਇਹਨਾਂ ਵਸਤਾਂ ਦੀ ਪ੍ਰੋਸੈਸਿੰਗ ਲਈ ਬੁਨਿਆਦੀ ਢਾਂਚੇ ਦੀ ਕਮੀ ਹੈ ਜਦਕਿ ਯੂਏਆਈ ਕੋਲ ਇਹਨਾਂ ਸਹੂਲਤਾਂ ਵਾਸਤੇ ਫੰਡਾਂ ਅਤੇ ਤਕਨੀਕ ਦੀ ਬਹੁਤਾਤ ਹੈ, ਪਰੰਤੂ ਕੱਚੇ ਪਦਾਰਥਾਂ ਦੀ ਕਮੀ ਹੈ। ਇਸ ਤਰ੍ਹਾਂ ਭਾਰਤ ਅਤੇ ਯੂਏਈ ਵਿਚਕਾਰ ਭਾਈਵਾਲੀ ਆਉਣ ਵਾਲੇ ਸਮੇਂ ਅੰਦਰ ਇਸ ਖਾੜੀ ਦੇਸ਼ ਵਿਚ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾ ਸਕਦੀ ਹੈ।
ਕੇਂਦਰੀ ਮੰਤਰੀ ਨੇ ਹੋਰ ਬਹੁਤ ਸਾਰੀਆਂ ਕੰਪਨੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮੇਕ ਇਨ ਇੰਡੀਆ ਉੱਤੇ ਫੋਕਸ ਕਰਨ ਅਤੇ ਦੇਸ਼ ਦਾ ਨਿਰਯਾਤ ਵਧਾਉਣ ਲਈ ਢੁੱਕਵੇਂ ਮਸ਼ਵਰੇ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਭਾਰਤ ਅੰਦਰ MOFPI ਵੱਲੋਂ ਫੂਡ ਪ੍ਰੋਸੈਸਿੰਗ ਸੈਕਟਰ ਦੇ ਵਿਕਾਸ ਕੀਤੇ ਗਏ ਉਪਰਾਲਿਆਂ ਬਾਰੇ ਵੀ ਦੱਸਿਆ। ਉਹ ਏਪੀਈਡੀਏ ਅਤੇ ਇੰਡੀਅਨ ਪਵੇਲੀਅਨ ਦੇ ਮੈਬਰਾਂ ਲਈ ਲਾਈਆਂ ਪ੍ਰਦਰਸ਼ਨੀਆਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਭਾਰਤੀ ਨਿਰਯਾਤ ਨੂੰ ਵਧਾਉਣ ਲਈ ਪੂਰੀ ਮੱਦਦ ਦਾ ਭਰੋਸਾ ਦਿੱਤਾ। ਏਪੀਈਡੀਏ ਵੱਲੋਂ ਗਲਫੂਡ ਵਿਚ 100 ਤੋਂ ਵੱਧ ਨਿਵੇਸ਼ਕਾਂ ਨਾਲ ਭਾਗ ਲਿਆ ਜਾ ਰਿਹਾ ਹੈ।