ਪੰਜਾਬ

punjab

ETV Bharat / international

ਕਾਬੁਲ 'ਚ ਗੁਰਦੁਆਰਾ ਸਾਹਿਬ ’ਤੇ ਹਮਲਾ, 27 ਸ਼ਰਧਾਲੂਆਂ ਦੀ ਮੌਤ, 4 ਅੱਤਵਾਦੀ ਢੇਰ

ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਹਮਲੇ ਦੇ ਸਮੇਂ ਗੁਰਦੁਆਰੇ 'ਚ 150 ਦੇ ਕਰੀਬ ਸ਼ਰਧਾਲੂ ਮੌਜੂਦ ਸਨ, ਜਿਨ੍ਹਾਂ ਵਿਚੋਂ 27 ਦੀ ਮੌਤ ਹੋਣ ਦੀ ਖ਼ਬਰ ਹੈ।

By

Published : Mar 25, 2020, 3:58 PM IST

Updated : Mar 25, 2020, 4:55 PM IST

ਕਾਬੁਲ 'ਚ ਗੁਰਦੁਆਰਾ ਸਾਹਿਬ ’ਤੇ ਅੱਤਵਾਦੀ ਹਮਲਾ, 27 ਲੋਕਾਂ ਦੀ ਮੌਤ
ਫ਼ੋਟੋ

ਕਾਬੁਲ: ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਸਥਿਤ ਗੁਰਦੁਆਰੇ 'ਤੇ ਕੁਝ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਇਸ ਹਮਲੇ ਵਿੱਚ 27 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 8 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਉੱਥੇ ਹੀ ਅਫਗਾਨ ਸੁਰੱਖਿਆ ਬਲਾਂ ਨੇ ਹਮਲਾ ਕਰਨ ਵਾਲੇ 4 ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ।

ਵੇਖੋ ਵੀਡੀਓ

ਇੱਕ ਸਿੱਖ ਨਰਿੰਦਰ ਸਿੰਘ ਖ਼ਾਲਸਾ ਮੁਤਾਬਿਕ ਗੁਰਦੁਆਰੇ 'ਚ ਪਾਠ ਕਰਨ ਵਾਲੇ ਇੱਕ ਸ਼ਖ਼ਸ ਨੇ ਹਮਲੇ ਦੀ ਜਾਣਕਾਰੀ ਦਿੱਤੀ ਤੇ ਮਦਦ ਲਈ ਕਿਹਾ। ਦੱਸਿਆ ਜਾ ਰਿਹਾ ਹੈ ਕਿ ਹਮਲੇ ਵੇਲੇ ਗੁਰਦੁਆਰਾ ਸਾਹਿਬ 'ਚ 150 ਲੋਕ ਮੌਜੂਦ ਸਨ।

ਕਾਬੁਲ 'ਚ ਗੁਰਦੁਆਰਾ ਸਾਹਿਬ ’ਤੇ ਅੱਤਵਾਦੀ ਹਮਲਾ, 27 ਲੋਕਾਂ ਦੀ ਮੌਤ

ਕਿਸੇ ਅੱਤਵਾਦੀ ਜੱਥੇਬੰਦੀ ਨੇ ਹਾਲੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਟਵੀਟ ਕਰ ਕੇ ਦੱਸਿਆ ਕਿ ਇਸ ਹਮਲੇ ਪਿੱਛੇ ਤਾਲਿਬਾਨ ਦਾ ਹੱਥ ਨਹੀਂ ਹੈ।

ਇਸ ਹਮਲੇ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ: ਕੈਪਟਨ
ਇਸ ਘਟਨਾ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਕੈਪਟਨ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਮੰਗ ਕੀਤੀ ਕਿ ਇਸ ਹਮਲੇ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਵਿਦੇਸ਼ ਮੰਤਰਾਲੇ ਨੇ ਕੀਤੀ ਨਿਖੇਧੀ
ਵਿਦੇਸ਼ ਮੰਤਰਾਲੇ ਨੇ ਕਾਬੁਲ ਵਿੱਚ ਗੁਰੂਦੁਆਰੇ ‘ਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਦੇ ਹੋਏ ਇਸ ਹਮਲੇ ਦੀ ਨਿਖੇਧੀ ਕੀਤੀ ਹੈ।

ਹਰਦੀਪ ਸਿੰਘ ਪੁਰੀ ਨੇ ਕੀਤੀ ਨਿਖੇਧੀ
ਕਾਬੁਲ ਦੇ ਗੁਰਦੁਆਰਾ ਸਾਹਿਬ 'ਤੇ ਹੋਏ ਆਤਮਘਾਤੀ ਹਮਲੇ ਦੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਕੁਝ ਦੇਸ਼ਾਂ ਵਿੱਚ ਘੱਟਗਿਣਤੀਆਂ ਉੱਤੇ ਜ਼ੁਲਮ ਢਾਹਿਆ ਜਾ ਰਿਹਾ ਹੈ।

ਸੁਖਬੀਰ ਸਿੰਘ ਬਾਦਲ ਵਹਿਸ਼ੀ ਹਮਲੇ ਦੀ ਕੀਤੀ ਨਿਖੇਧੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਾਬੁਲ ਵਿਖੇ ਗੁਰਦੁਆਰਾ ਹਰਿ ਰਾਏ ਉੱਤੇ ਕੀਤੇ ਗਏ ਵਹਿਸ਼ੀ ਹਮਲੇ ਦੀ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਉੁੱਥੇ ਵਸਦੇ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਕੋਲ ਤੁਰੰਤ ਉਠਾਉਣ। ਉਨ੍ਹਾਂ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਅਫ਼ਗਾਨਿਤਸਾਨ ਵਿਚ ਸਿੱਖਾਂ ਨੂੰ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਜਬਰੀ ਵਿਆਹ ਅਤੇ ਧਰਮ ਤਬਦੀਲੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਇੱਕ ਜਨਤਕ ਅਪੀਲ ਕੀਤੀ ਹੈ ਕਿ ਉਹ ਕੱਟੜਵਾਦੀ ਧਿਰਾਂ ਵੱਲੋ ਸਿੱਖਾਂ ਉੁੱਤੇ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਣ ਲਈ ਜਰੂਰੀ ਕਦਮ ਚੁੱਕਣ।

ਗੁਰਦੁਆਰਾ ਸਾਹਿਬ 'ਤੇ ਹਮਲਾ ਬੇਹੱਦ ਨਿੰਦਣਯੋਗ: ਆਪ
ਆਮ ਆਦਮੀ ਪਾਰਟੀ (ਆਪ) ਨੇ ਵੀ ਇਸ ਅੱਤਵਾਦੀ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਇਸ ਨੂੰ ਮਾਨਵਤਾ 'ਤੇ ਕਾਇਰਾਨਾ ਹਮਲਾ ਕਰਾਰ ਦਿੱਤਾ ਹੈ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ ਧਰਮ, ਰੰਗ-ਨਸਲ, ਦੇਸ਼ ਅਤੇ ਖ਼ਿੱਤਿਆਂ ਦੇ ਭੇਦਭਾਵ ਤੋਂ ਉੱਤੇ ਉੱਠ ਕੇ ਪੂਰੀ ਇੱਕਜੁੱਟਤਾ ਅਤੇ ਇਕਸੁਰਤਾ ਨਾਲ ਮਾਨਵਤਾ ਨੂੰ ਨੋਬਲ ਕੋਰੋਨਾਵਾਇਰਸ ਵਰਗੀ ਭਿਆਨਕ ਮਹਾਂਮਾਰੀ ਤੋਂ ਬਚਾਉਣ ਲਈ ਜੱਦੋਜਹਿਦ ਹੈ, ਤਾਂ ਅਜਿਹੇ ਸਮਿਆਂ 'ਚ ਕਾਬੁਲ ਦੇ ਗੁਰਦੁਆਰਾ ਸਾਹਿਬ 'ਤੇ ਹਮਲਾ ਬੇਹੱਦ ਨਿੰਦਣਯੋਗ ਅਤੇ ਘਿਣਾਉਣਾ ਕਾਰਾ ਹੈ। ਇਹ ਚਿੱਟੇ ਲਹੂ ਵਾਲੇ ਹੈਵਾਨਾਂ ਹੱਥੋਂ ਨੇਕ ਕਾਰਜਾਂ ਨੂੰ ਸਮਰਪਿਤ ਇਨਸਾਨੀਅਤ ਦਾ ਕਤਲ ਹੈ।

ਭਗਵੰਤ ਮਾਨ ਨੇ PM ਨੂੰ ਕੂਟਨੀਤਕ ਦਖ਼ਲ ਦੇਣ ਦੀ ਕੀਤੀ ਮੰਗ
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਇਸ ਮਾਮਲੇ 'ਚ ਤੁਰੰਤ ਅਤੇ ਸਿੱਧੇ ਸਖ਼ਤ ਕੂਟਨੀਤਕ ਦਖ਼ਲ ਦੀ ਮੰਗ ਕੀਤੀ ਹੈ ਤਾਂ ਕਿ ਅਫ਼ਗ਼ਾਨਿਸਤਾਨ 'ਚ ਰਹਿ ਰਹੇ ਸਿੱਖਾਂ, ਹਿੰਦੂਆਂ ਅਤੇ ਹੋਰ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦੇ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਦੌਰਾਨ ਫ਼ੋਨ 'ਤੇ ਗੱਲਬਾਤ ਦੌਰਾਨ ਕੇਂਦਰੀ ਵਿਦੇਸ਼ ਮੰਤਰੀ ਐਸ. ਜੈ ਸ਼ੰਕਰ ਨੇ ਭਗਵੰਤ ਮਾਨ ਨੂੰ ਭਰੋਸਾ ਦਿੱਤਾ ਕਿ ਕਾਬੁਲ ਸਥਿਤ ਭਾਰਤੀ ਦੂਤਾਵਾਸ ਪੂਰੀ ਤਰਾਂ ਸੁਚੇਤ ਹੈ। ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧ ਰਾਮ, ਪ੍ਰੋ. ਬਲਜਿੰਦਰ ਕੌਰ, ਬੀਬੀ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਰੁਪਿੰਦਰ ਕੌਰ ਰੂਬੀ, ਜੈ ਕ੍ਰਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ ਅਤੇ ਮਾਸਟਰ ਬਲੇਦਵ ਸਿੰਘ (ਸਾਰੇ ਵਿਧਾਇਕ) ਨੇ ਹਮਲੇ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਤੁਰੰਤ ਲੋੜੀਂਦੇ ਕਦਮ ਚੁੱਕੇ ਅਤੇ ਜ਼ਖਮੀਆਂ ਦੇ ਇਲਾਜ ਅਤੇ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਦਾ ਪ੍ਰਬੰਧ ਕਰੇ।

Last Updated : Mar 25, 2020, 4:55 PM IST

ABOUT THE AUTHOR

...view details