ਇਸਲਾਮਾਬਾਦ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿ ਹਵਾਈ ਖ਼ੇਤਰ ਨੂੰ ਬੰਦ ਕਰਨ ਦਾ ਆਖ਼ਰੀ ਫ਼ੈਸਲਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲੈਣਗੇ। ਉਨ੍ਹਾਂ ਇਸ ਬਾਰੇ ਅਜੇ ਤੱਕ ਕੋਈ ਠੋਸ ਫ਼ੈਸਲਾ ਨਾ ਲਏ ਜਾਣ ਦੀ ਪੁਸ਼ਟੀ ਕੀਤੀ।
ਏਅਰਸਪੇਸ ਬੰਦ ਕਰਨ 'ਤੇ ਇਮਰਾਨ ਲੈਣਗੇ ਫ਼ੈਸਲਾ: ਸ਼ਾਹ ਮਹਿਮੂਦ ਕੁਰੈਸ਼ੀ - Shah Mehmood Qureshi
ਪਾਕਿਸਤਾਨ ਵੱਲੋਂ ਭਾਰਤ ਲਈ ਹਵਾਈ ਖ਼ੇਤਰ ਬੰਦ ਕਰਨ 'ਤੇ ਪਾਕਿਸਤਾਨ ਨੇ ਸਫਾਈ ਦਿੱਤੀ ਹੈ। ਪਾਕਿ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਅੰਤਿਮ ਫ਼ੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਹੀ ਢੰਗ ਨਾਲ ਵਿਚਾਰ ਕਰਨ ਅਤੇ ਸੋਚ-ਸਮਝਣ ਤੋਂ ਬਾਅਦ ਹੀ ਪਾਕਿਸਤਾਨ ਸਰਕਾਰ ਇਸ ਮਾਮਲੇ ਵਿੱਚ ਕੋਈ ਫ਼ੈਸਲਾ ਲਵੇਗੀ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਸ ਮਾਮਲੇ ਦਾ ਆਖ਼ਰੀ ਫ਼ੈਸਲਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਪਾਕਿਸਤਾਨੀ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ ਸੀ ਕਿ ਪਾਕਿ ਪੀਐੱਮ ਇਮਰਾਨ ਖ਼ਾਨ ਭਾਰਤ ਲਈ ਏਅਰਸਪੇਸ ਨੂੰ ਪੂਰੀ ਤਰ੍ਹਾਂ ਬੰਦ ਕੀਤੇ ਜਾਣ 'ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਪਾਕਿਸਤਾਨ ਉਨ੍ਹਾਂ ਸਾਰੇ ਹੀ ਰਸਤਿਆਂ ਨੂੰ ਪੂਰੀ ਤਰ੍ਹਾਂ ਬੰਦ ਕਰਨ 'ਤੇ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਰਸਤਿਆਂ ਨੂੰ ਭਾਰਤ ਆਪਣੇ ਅਤੇ ਅਫ਼ਗਾਨਿਸਤਾਨ ਵਿਚਾਲੇ ਹੋਣ ਵਾਲੇ ਵਪਾਰ ਲਈ ਇਸਤੇਮਾਲ ਕਰਦਾ ਹੈ। ਫ਼ਵਾਦ ਮੁਤਾਬਕ ਇਮਰਾਨ ਦੇ ਮੰਤਰੀ ਮੰਡਲ ਵੱਲੋਂ ਦੱਸੇ ਗਏ ਵਿਕਲਪਾਂ ਲਈ ਕਾਨੂੰਨੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਹੀ ਆਖ਼ਰੀ ਫ਼ੈਸਲਾ ਲਿਆ ਜਾਵੇਗਾ।