ਨਵੀਂ ਦਿੱਲੀ: ਮਿਆਂਮਾਰ ਨੇ ਰਾਸ਼ਟਰਪਤੀ ਦੀ ਮੁਆਫ਼ੀ ਤੋਂ ਬਾਅਦ ਰੋਹਿੰਗਿਆ ਸੰਕਟ 'ਤੇ ਰਿਪੋਰਟਿੰਗ ਕਰਨ ਲਈ ਜੇਲ੍ਹ ਭੇਜੇ ਗਏ ਸਮਾਚਾਰ ਏਜੰਸੀ ਰਾਇਟਰਸ ਦੇ 2 ਪੱਤਰਕਾਰਾਂ ਨੂੰ ਕੈਦ ਤੋਂ ਰਿਹਾ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਯੰਗੁਨ ਦੇ ਕੁਖਿਆਤ ਜੇਲ੍ਹ ਵਿੱਚ ਹਿਰਾਸਤ ਵਿੱਚ 500 ਤੋਂ ਜ਼ਿਆਦਾ ਦਿਨ ਕੱਟਣ ਤੋਂ ਬਾਅਦ ਵਾ ਲੋਨ ਅਤੇ ਕਿਆਵ ਸੋਈ ਓਓ ਜੇਲ੍ਹ ਤੋਂ ਬਾਹਰ ਆ ਗਏ।
ਤੁਹਾਨੂੰ ਦੱਸ ਦਈਏ ਕਿ ਲੋਨ ਅਤੇ ਸੂ ਓ ਨੂੰ ਗੁਪਤ ਸੂਚਨਾ ਐਕਟ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਪਿਛਲੇ ਸਾਲ ਸਤੰਬਰ ਵਿੱਚ ਉਨ੍ਹਾਂ ਨੂੰ 7-7ਸਾਲ ਦੀ ਸਜ਼ਾ ਸੁਣਾਈ ਗਈ ਸੀ।
ਉਨ੍ਹਾਂ ਨੂੰ ਇਹ ਸਜ਼ਾ ਉਦੋਂ ਦਿੱਤੀ ਗਈ ਸੀ ਜਦੋਂ ਉਨ੍ਹਾਂ ਨੇ ਸਾਲ 2017 ਵਿੱਚ ਸਰਕਾਰੀ ਸੁਰੱਖਿਆ ਬਲਾਂ ਵਲੋਂ ਇੱਕ ਫ਼ੌਜ ਮੁਹਿੰਮ ਦੌਰਾਨ 10 ਰੋਹਿੰਗਿਆ ਮੁਸਲਮਾਨਾਂ ਨੂੰ ਮਾਰੇ ਜਾਣ ਦੀ ਰਿਪੋਰਟਿੰਗ ਕੀਤੀ ਸੀ।
ਜਦੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਤਾਂ ਇਸ ਦੀ ਦੁਨੀਆਂ ਭਰ ਵਿੱਚ ਨਿੰਦਾ ਕੀਤੀ ਗਈ ਸੀ ਅਤੇ ਇਸ ਨੂੰ ਮਿਆਂਮਾਰ ਵਿੱਚ ਪ੍ਰੈੱਸ ਦੀ ਆਜ਼ਾਦੀ 'ਤੇ ਹਮਲੇ ਵੀ ਦੱਸਿਆ ਗਿਆ।