ਇਸਲਾਮਾਬਾਦ: ਇੱਕ ਫ੍ਰੈਂਚ ਮੈਗਜ਼ੀਨ ਵਿੱਚ ਅਪਮਾਨਜਨਕ ਕਾਰਟੂਨ ਛਾਪੇ ਜਾਣ 'ਤੇ ਨਿੰਦਾ ਕਰਦੇ ਹੋਏ ਤੇ ਫਰਾਂਸ ਦੇ ਰਾਜਦੂਤ ਨੂੰ ਕੱਢੇ ਜਾਣ ਦੀ ਮੰਗ ਨੂੰ ਲੈ ਕੇ ਕੱਟੜਪੰਥੀ ਧਾਰਮਿਕ ਸਮੂਹ ਦੇ ਸੈਕੜੇ ਵਰਕਰਾਂ ਨੇ ਕੌਮੀ ਰਾਜਧਾਨੀ 'ਚ ਪ੍ਰਦਰਸ਼ਨ ਕੀਤਾ।
ਤਹਿਰੀਕ-ਏ-ਲੈਬਬਕ ਪਾਕਿਸਤਾਨ (ਟੀਐਲਪੀ) ਦੇ ਨੇਤਾ ਮੌਲਵੀ ਹੁਸੈਨ ਰਿਜ਼ਵੀ ਨੇ ਐਤਵਾਰ ਨੂੰ ਰਾਵਲਪਿੰਡੀ ਦੇ ਗੈਰੀਸਨ ਸਿਟੀ ਵਿੱਚ ਇੱਕ ਰੋਸ ਮਾਰਚ ਕੱਢਿਆ।
ਪੁਲਿਸ ਨੇ ਪੱਥਰਬਾਜ਼ੀ ਕਰ ਰਹੇ TLP ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਪ੍ਰਦਰਸ਼ਨਕਾਰੀ ਰਾਵਲਪਿੰਡੀ ਅਤੇ ਇਸਲਾਮਾਬਾਦ ਨੂੰ ਜੋੜਨ ਵਾਲੇ ਫੈਜ਼ਾਬਾਦ ਚੌਂਕ 'ਤੇ ਪਹੁੰਚੇ ਅਤੇ ਉਥੇ ਧਰਨਾ ਸ਼ੁਰੂ ਕਰ ਦਿੱਤਾ।
ਧਰਨੇ 'ਚ ਰਿਜਵੀ ਸ਼ਾਮਲ ਨਹੀਂ ਹੋਏ ਪਰ ਉਨ੍ਹਾਂ ਦੇ ਨੁਮਾਇੰਦੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸਨ ਅਤੇ ਫਰਾਂਸ ਦੇ ਰਾਜਦੂਤ ਨੂੰ ਭੇਜਣ ਤੱਕ ਉਥੋ ਵਾਪਿਸ ਜਾਣ ਤੋਂ ਇਨਕਾਰ ਕਰ ਦਿੱਤਾ। ਟੀਐਲਪੀ ਸਭ ਤੋਂ ਪਹਿਲਾਂ 2017 ਵਿੱਚ ਚਰਚਾ 'ਚ ਆਈ ਸੀ ਜਦੋਂ ਉਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਦੀ ਸਹੁੰ ਵਿੱਚ ਕੁਝ ਤਬਦੀਲੀਆਂ ਦਾ ਵਿਰੋਧ ਕੀਤਾ ਸੀ ਤੇ ਫੈਜਾਬਾਅ 'ਚ ਧਰਨਾ ਸ਼ੁਰੂ ਕਰ ਦਿੱਤਾ।
ਇਸ ਸੰਗਠਨ ਨੇ ਤਿੰਨ ਹਫ਼ਤੇ ਤੱਕ ਧਰਨਾ ਦਿੱਤਾ ਸੀ ਜਿਸ ਨਾਲ ਇਸਲਾਮਾਬਾਦ ਦਾ ਜਨਜੀਵਨ ਪ੍ਰਭਾਵਿਤ ਹੋ ਗਿਆ ਸੀ। ਟੀਐੱਲਪੀ ਨੇ ਆਪਣਾ ਪ੍ਰਦਰਸ਼ਨ ਤਦ ਖ਼ਤਮ ਕੀਤਾ ਜਦੋਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਸਰਕਾਰ ਨੇ ਕਾਨੂੰਨ ਮੰਤਰੀ ਨੂੰ ਹਟਾ ਦਿੱਤਾ। ਉਸ ਸਮੇਂ ਵਿਰੋਧੀ ਧਿਰ ਦੇ ਆਗੂ ਦੇ ਤੌਰ 'ਤੇ ਇਮਰਾਨ ਖ਼ਾਨ ਨੇ ਟੀਐੱਲਪੀ ਦੀਆਂ ਮੰਗਾਂ ਦਾ ਸਮਰਥਨ ਕੀਤਾ ਸੀ ਕਿਉਂਕਿ ਉਹ ਪੀਐੱਮਐੱਲ-ਨਵਾਜ਼ ਦੀ ਸਰਕਾਰ ਨੂੰ ਡੇਗਣਾ ਚਾਹੁੰਦੇ ਸਨ ਪ੍ਰੰਤੂ ਹੁਣ ਸੱਤਾ ਵਿੱਚ ਰਹਿੰਦੇ ਹੋਏ ਉਨ੍ਹਾਂ ਨੂੰ ਉਸੇ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।