ਨਵੀਂ ਦਿੱਲੀ: ਸਿੱਖਸ ਫਾਰ ਜਸਟਿਸ (ਐਸ.ਜੇ.ਐਫ.) ਵੱਲੋਂ ਬਰਮਿੰਘਮ ਵਿਖੇ ਬੀਤੀ ਰਾਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਵਾਲੇ ਸਥਾਨ ਦੇ ਬਾਹਰ ਕੀਤਾ ਗਿਆ ਰੋਸ ਪ੍ਰਦਰਸ਼ਨ ਨਾਂਹ ਪੱਖੀ ਹੁੰਗਾਰੇ ਕਾਰਨ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ। ਇਸ ਪ੍ਰਦਰਸ਼ਨ ਦੀ ਅਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਥਾਨਕ ਸਿੱਖ ਭਾਈਚਾਰੇ ਵੱਲੋਂ ਵੀ ਇਸ ਨੂੰ ਸਮਰਥਨ ਜਾਂ ਸਹਿਯੋਗ ਨਹੀਂ ਦਿੱਤਾ ਗਿਆ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਦਿੱਤੀ ਗਈ।
ਸਿੱਖਸ ਫਾਰ ਜਸਟਿਸ ਦੇ ਪ੍ਰਦਰਸ਼ਨ ਨੂੰ ਕੈਪਟਨ ਦੇ ਬਰਮਿੰਘਮ ਸਮਾਰੋਹ 'ਚ ਨਹੀਂ ਮਿਲਿਆ ਹੁੰਗਾਰਾ
ਅਮਰਿੰਦਰ ਸਿੰਘ ਦੇ ਪ੍ਰੋਗਰਾਮ ਵਾਲੇ ਸਥਾਨ ਦੇ ਬਾਹਰ ਸਿੱਖਸ ਫਾਰ ਜਸਟਿਸ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ।
ਬੁਲਾਰੇ ਨੇ ਦੱਸਿਆ ਕਿ ਇਹ ਕੁਝ ਪ੍ਰਦਰਸ਼ਨਕਾਰੀਆਂ ਦਾ ਇਕੱਠ ਸੀ ਜਿਨ੍ਹਾਂ ਨੂੰ ਕਿਸੇ ਵੱਲੋਂ ਵੀ ਕੋਈ ਸਹਿਯੋਗ ਨਹੀਂ ਮਿਲਿਆ, ਜਿਸ ਕਾਰਨ ਉਹ ਮੁੱਖ ਮੰਤਰੀ ਦੇ ਪ੍ਰੋਗਰਾਮ ਵਿੱਚ ਵੀ ਕਿਸੇ ਵੀ ਤਰੀਕੇ ਨਾਲ ਅੜਚਨ ਪਾਉਣ 'ਚ ਸਫਲ ਨਹੀਂ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਉਹ ਕਰੀਬ ਤਿੰਨ ਘੰਟੇ ਸਮਾਗਮ ਵਿੱਚ ਹਾਜ਼ਰ ਰਹੇ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨਕਾਰੀ ਸਨ ਜਿਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਮੁੱਖ ਮੰਤਰੀ ਨੇ ਸਮਾਗਮ ਦੌਰਾਨ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਐਸ.ਜੇ.ਐਫ. ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਸੀ ਕਿ ਆਈ.ਐਸ.ਆਈ. ਦੇ ਸਮਰਥਨ ਵਾਲੇ ਇਸ ਕੱਟੜ ਅਤੱਵਾਦੀ ਸੰਗਠਨ ਦਾ ਕੋਈ ਵਿਚਾਰਧਾਰਕ ਅਧਾਰ ਨਹੀਂ ਹੈ। ਇਸ ਸੰਸਥਾ ਦਾ ਸਿੱਖ ਕੌਮ ਵਿੱਚ ਪਾੜਾ ਪਾ ਕੇ ਪੰਜਾਬ ਤੇ ਭਾਰਤ ਵੰਡਣ ਤੋਂ ਇਲਾਵਾ ਹੋਰ ਕੋਈ ਏਜੰਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਅਜਿਹੇ ਨਾਪਾਕ ਮਨਸੂਬੇ ਭਾਰਤ ਦੀ ਏਕਤਾ ਅਤੇ ਸ਼ਕਤੀ ਨੂੰ ਨਹੀਂ ਤੋੜ ਸਕਦੇ।