ਇਸਲਾਮਾਬਾਦ: ਪਾਕਿਸਤਾਨੀ ਅਧਿਕਾਰੀਆਂ ਨੇ ਇੱਕ ਔਰਤ ਵਲੋਂ ਆਪਣੇ ਆਪ ਨੂੰ ਮਰਿਆ ਦੱਸ ਕੇ ਅਤੇ ਦੋ ਜੀਵਨ ਬੀਮਾ ਪਾਲਸੀਆਂ ਦਾ 1.5 ਮਿਲੀਅਨ ਡਾਲਰ ਦਾ ਦਾਅਵਾ ਕਰਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੀ ਫ਼ੈਡਰਲ ਇੰਵੈਸਟੀਗੇਸ਼ਨ ਏਜੰਸੀ (ਐੱਫ਼ਆਈਏ) ਦੇ ਅਧਿਕਾਰੀ ਅਨੁਸਾਰ ਸੀਮਾ ਖ਼ਰਬੇ ਨੇ 2008 ਅਤੇ 2009 ਵਿੱਚ ਅਮਰੀਕਾ ਦੀ ਯਾਤਰਾ ਕੀਤੀ ਸੀ ਅਤੇ ਉਸ ਦੇ ਨਾਂਅ 'ਤੇ ਦੋ ਵੱਡੀਆਂ ਜੀਵਨ ਬੀਮਾ ਪਾਲਸੀਆਂ ਖ਼ਰੀਦੀਆਂ ਸਨ।
ਸਾਲ 2011 ਵਿੱਚ ਔਰਤ ਨੇ ਇੱਕ ਡਾਕਟਰ ਸਮੇਤ ਪਾਕਿਸਤਾਨ 'ਚ ਕੁੱਝ ਸਥਾਨਕ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਅਤੇ ਆਪਣੇ ਨਾਂਅ ਦਾ ਮੌਤ ਦਾ ਸਰਟੀਫ਼ਿਕੇਟ ਬਣਵਾ ਲਿਆ। ਦਸਤਾਵੇਜ਼ 'ਚ ਇਹ ਵੀ ਦਿਖਾਇਆ ਗਿਆ ਸੀ ਕਿ ਉਸ ਨੂੰ ਦਫ਼ਨਾਇਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਔਰਤ ਦੇ ਬੱਚਿਆਂ ਵਲੋਂ ਸਰਟੀਫ਼ਿਕੇਟ ਦੀ ਵਰਤੋਂ 15 ਲੱਖ ਅਮਰੀਕੀ ਡਾਲਰ (ਤਕਰੀਬਨ 23 ਕਰੋੜ ਪਾਕਿਸਤਾਨੀ ਰੁਪਏ) ਦੀਆਂ ਦੋ ਜੀਵਨ ਬੀਮਾ ਪਾਲਿਸੀਆਂ ਦੇ ਭੁਗਤਾਨਾਂ ਲਈ ਕੀਤੀ ਗਈ ਸੀ। ਭਾਰਤ ਵਿੱਚ ਇਸ ਰਕਮ ਦੀ ਤਕਰੀਬਨ 11 ਕਰੋੜ ਰੁਪਏ ਦੀ ਲਾਗਤ ਹੈ।