ਨਵੀਂ ਦਿੱਲੀ: ਇੰਟਰਨੈੱਟ ਤੇ ਇੱਕ ਪਾਕਿਸਤਾਨੀ ਵਿਦਿਆਰਥੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੀ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਵੁਹਾਨ ਵਿੱਚ ਫਸਿਆ ਹੋਇਆ ਹੈ ਉਨ੍ਹਾਂ ਨੂੰ ਉੱਥੋਂ ਕੱਢਿਆ ਜਾਵੇ।
ਵਾਇਰਲ ਹੋ ਰਹੇ ਇਸ 90 ਸੈਕਿੰਡਾਂ ਦੀ ਵੀਜੀਓ ਵਿੱਚ ਵਿਦਿਆਰਥੀ ਕਹਿ ਰਿਹਾ ਹੈ, "ਮੈਂ ਪਾਕਿਸਤਾਨੀਂ ਹਾਂ ਮੇਰਾ ਨਾਂਅ ਨਦੀਮ ਅਬਾਜ਼ ਹੈ। ਮੈਂ ਇਹ ਵੀਡੀਓ ਚੀਨ ਦੇ ਸ਼ਹਿਰ ਬੁਹਾਨ ਤੋਂ ਬਣਾ ਰਿਹਾ ਹਾਂ, ਜਿੱਥੇ 500 ਤੋਂ ਵੱਧ ਪਾਕਿਸਤਾਨੀ ਫਸੇ ਹੋਏ ਹਨ ਅਤੇ ਲੰਘੇ ਦਿਨ ਮੇਰੀ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਗਈ ਹੈ। ਉਹ ਹਸਪਤਾਲ ਵਿੱਚ ਗੰਭੀਰ ਅਵਸਥਾ ਵਿੱਚ ਭਰਤੀ ਹਨ। ਇਸ ਲਈ ਅਸੀਂ ਪਾਕਿਸਤਾਨ ਸਰਕਾਰ ਅਤੇ ਦੂਤਾਵਾਸ ਨੂੰ ਅਪੀਲ ਕਰਦੇ ਹਾਂ ਕਿ ਉਹ ਇੱਥੋਂ ਨਿਕਲਣ ਵਿੱਚ ਉਨ੍ਹਾਂ ਦੀ ਮਦਦ ਕਰਨ ਕਿਉਂ ਕਿ ਆਏ ਦਿਨ ਇੱਥੇ ਹਲਾਤ ਵਿਗੜ ਰਹੇ ਹਨ। ਵਾਇਰਸ ਨਾਲ ਹਜ਼ਾਰਾਂ ਲੋਕ ਪਹਿਲਾਂ ਹੀ ਪੀੜਤ ਹੋ ਚੁੱਕੇ ਹਨ ਅਤੇ ਕਈਆਂ ਦੀ ਤਾਂ ਮੌਤ ਵੀ ਹੋ ਗਈ ਹੈ। ਵਾਇਰਸ ਹਰ ਦਿਨ ਫੈਲ ਰਿਹਾ ਹੈ ਅਤੇ ਅਜੇ ਤੱਕ ਇਸ ਦਾ ਕੋਈ ਇਲਾਜ ਵੀ ਨਹੀਂ ਨਿਕਲਿਆ ਹੈ। ਇਸ ਲਈ ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ ਕਿ ਸਾਨੂੰ ਇੱਥੋਂ ਬਚਾਇਆ ਜਾਵੇ।"