ਨਵੀਂ ਦਿੱਲੀ: ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਦੀ ਗ੍ਰਿਫ਼ਤਾਰੀ 'ਤੇ ਪਾਕਿਸਤਾਨ ਦੇ ਹਾਈ ਕਮਿਸ਼ਨ ਇੰਚਾਰਜ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਇਸਲਾਮਾਬਾਦ (ਪਾਕਿਸਤਾਨ) ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ ਕੰਮ ਕਰ ਰਹੇ ਦੋ ਭਾਰਤੀ ਅਧਿਕਾਰੀਆਂ ਦੇ ਲਾਪਤਾ ਹੋਣ ਤੋਂ ਬਾਅਦ ਪਾਕਿਸਤਾਨ ਦੇ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਵਿਦੇਸ਼ ਮੰਤਰਾਲੇ ਨੇ ਤਲਬ ਕੀਤਾ ਸੀ। ਪਾਕਿਸਤਾਨ 'ਚ ਕਥਿਤ 'ਹਿਟ ਐਂਡ ਰਨ' ਮਾਮਲੇ ਵਿੱਚ ਗ੍ਰਿਫ਼ਤਾਰ ਭਾਰਤੀ ਦੂਤਘਰ ਦੇ ਦੋ ਕਰਮਚਾਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਭਾਰਤ ਦੀ ਝਾੜ ਤੋਂ ਬਾਅਦ ਪਾਕਿਸਤਾਨ ਨੇ ਰਿਹਾਅ ਕੀਤੇ ਦੋ ਭਾਰਤੀ ਮੁਲਾਜ਼ਮ - ਭਾਰਤੀ ਮੁਲਾਜ਼ਮ
ਪਾਕਿਸਤਾਨ 'ਚ ਕਥਿਤ 'ਹਿਟ ਐਂਡ ਰਨ' ਮਾਮਲੇ ਵਿਚ ਗਿ੍ਫ਼ਤਾਰ ਭਾਰਤੀ ਦੂਤਘਰ ਦੇ ਦੋ ਕਰਮਚਾਰੀਆਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ ਹੈ।
ਇਹ ਦੋਵੇਂ ਕਰਮਚਾਰੀ ਸਵੇਰੇ ਦੂਤਘਰ ਦੀ ਕਾਰ ਵਿੱਚ ਡਿਊਟੀ 'ਤੇ ਨਿਕਲੇ ਸਨ। ਇਨ੍ਹਾਂ ਦਾ ਕਈ ਘੰਟਿਆਂ ਤਕ ਕੋਈ ਪਤਾ ਨਾ ਲੱਗਣ 'ਤੇ ਭਾਰਤੀ ਦੂਤਘਰ ਅਤੇ ਨਵੀਂ ਦਿੱਲੀ ਵਿੱਚ ਭਾਰਤੀ ਵਿਦੇਸ਼ ਮੰਤਰਾਲਾ ਸਰਗਰਮ ਹੋ ਗਿਆ। ਪਾਕਿਸਤਾਨੀ ਮੀਡੀਆ ਤੋਂ ਗ੍ਰਿਫ਼ਤਾਰੀ ਦੀ ਸੂਚਨਾ ਮਿਲਣ ਤੋਂ ਪਹਿਲੇ ਭਾਰਤ ਨੇ ਪਾਕਿਸਤਾਨੀ ਦੂਤਘਰ ਦੇ ਚਾਰਜ ਡੀ ਅਫੇਅਰਸ ਨੂੰ ਤਲਬ ਕਰ ਕੇ ਭਾਰਤੀ ਕਰਮਚਾਰੀਆਂ ਨਾਲ ਕਿਸੇ ਤਰ੍ਹਾਂ ਦਾ ਦੁਰਵਿਹਾਰ ਨਾ ਹੋਣ ਦੀ ਸਖ਼ਤ ਹਿਦਾਇਤ ਦੇ ਦਿੱਤੀ। ਭਾਰਤ ਦੇ ਭਾਰੀ ਦਬਾਅ ਪਿੱਛੋਂ ਦੇਰ ਸ਼ਾਮ ਪਾਕਿਸਤਾਨੀ ਪ੍ਰਸ਼ਾਸਨ ਨੇ ਦੋਵਾਂ ਨੂੰ ਰਿਹਾਅ ਕਰ ਦਿੱਤਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਦੋਵੇਂ ਕਰਮਚਾਰੀ ਸੁਰੱਖਿਅਤ ਦੂਤਘਰ ਪਰਤ ਆਏ ਹਨ। ਜਿਸ ਦਿਨ ਦਿੱਲੀ ਦੇ ਕਰੋਲ ਬਾਗ਼ ਮਾਰਕੀਟ ਵਿੱਚ ਪਾਕਿਸਤਾਨੀ ਦੂਤਘਰ ਦੇ ਦੋ ਅਧਿਕਾਰੀਆਂ ਨੂੰ ਜਾਸੂਸੀ ਕਰਦਿਆਂ ਰੰਗੇ ਹੱਥੀਂ ਫੜਿਆ ਗਿਆ ਸੀ ਤਦ ਤੋਂ ਇਸ ਗੱਲ ਦੀ ਸ਼ੰਕਾ ਸੀ ਕਿ ਪਾਕਿਸਤਾਨ ਸਰਕਾਰ ਬਦਲੇ ਦੀ ਕਾਰਵਾਈ ਵਿੱਚ ਕੁਝ ਕਰੇਗੀ। ਸੋਮਵਾਰ ਨੂੰ ਇਹ ਸ਼ੰਕਾ ਸਹੀ ਸਾਬਿਤ ਹੋ ਗਈ।
ਪਾਕਿਸਤਾਨ ਦੇ ਇੱਕ ਚੈਨਲ ਮੁਤਾਬਕ ਭਾਰਤੀ ਦੂਤਘਰ ਦੇ ਦੋ ਕਰਮਚਾਰੀਆਂ ਨੂੰ ਅਧਿਕਾਰਤ ਬੀਐੱਮਡਬਲਯੂ ਕਾਰ ਰਾਹੀਂ ਸੜਕ 'ਤੇ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ ਟੱਕਰ ਮਾਰ ਕੇ ਭੱਜਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਚਸ਼ਮਦੀਦਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਕਾਰ ਦੀ ਟੱਕਰ ਨਾਲ ਜ਼ਖ਼ਮੀ ਰਾਹਗੀਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੇਰ ਸ਼ਾਮ ਤਕ ਪਾਕਿਸਤਾਨ ਵੱਲੋਂ ਇਨ੍ਹਾਂ ਦੇ ਬਾਰੇ ਵਿੱਚ ਅਧਿਕਾਰਤ ਤੌਰ 'ਤੇ ਭਾਰਤ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਦੂਤਘਰ ਦੇ ਇੰਚਾਰਜ ਸਫੀਰ ਨੂੰ ਤਲਬ ਕਰ ਕੇ ਆਪਣੀ ਚਿੰਤਾ ਤੋਂ ਜਾਣੂ ਕਰਵਾਇਆ।