ਲਾਹੌਰ: ਸਿਵਲ ਏਵੀਏਸ਼ਨ ਅਥਾਰਟੀ ਦੇ ਅਧਿਕਾਰੀਆਂ ਦੇ ਅਨੁਸਾਰ, ਲਾਹੌਰ ਤੋਂ ਕਰਾਚੀ ਜਾ ਰਹੇ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਇੰਸ (ਪੀਆਈਏ) ਦਾ ਇੱਕ ਜਹਾਜ਼ ਸ਼ੁੱਕਰਵਾਰ ਨੂੰ ਜਿਨਾਹ ਕੌਮਾਂਤਰੀ ਹਵਾਈ ਅੱਡੇ ਨੇੜੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਦਰਦਨਾਕ ਹਾਦਸੇ ਵਿੱਚ ਜਹਾਜ਼ ਵਿੱਚ 34 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਪਾਕਿ ਮੀਡੀਆ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਪੀਆਈਏ ਦੀ ਉਡਾਣ ਪੀਕੇ-8303 ਲੈਂਡਿੰਗ ਦੀ ਤਿਆਰੀ ਵਿੱਚ ਸੀ। ਜਹਾਜ਼ ਹਵਾਈ ਅੱਡੇ ਦੇ ਨਜ਼ਦੀਕ ਜਿਨਾਹ ਗਾਰਡਨ ਏਰੀਆ ਵਿੱਚ ਕ੍ਰੈਸ਼ ਹੋਇਆ। ਇਸ ਏਅਰਬੱਸ ਜਹਾਜ਼ ਵਿੱਚ 85 ਯਾਤਰੀ ਅਤੇ 13 ਕਰੂ ਮੈਂਬਰ ਸਵਾਰ ਸਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਕਾਲਾ ਧੂੰਆਂ ਘਟਨਾ ਸਥਾਨ 'ਤੇ ਦੂਰੋਂ ਹੀ ਨਜ਼ਰ ਆ ਰਿਹਾ ਸੀ।
ਜਹਾਜ਼ ਦੇ ਕ੍ਰੈਸ਼ ਹੋਣ ਨਾਲ ਉਸ ਖੇਤਰ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਖੇਤਰ ਵਿੱਚ ਐਂਬੂਲੈਂਸਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸੜਕਾਂ ਕਾਫ਼ੀ ਤੰਗ ਹਨ ਅਤੇ ਲੋਕਾਂ ਦੀ ਭਾਰੀ ਮੌਜੂਦਗੀ ਨੇ ਰਾਹਤ ਕਾਰਜਾਂ ਨੂੰ ਜਾਰੀ ਰੱਖਣਾ ਮੁਸ਼ਕਲ ਬਣਾ ਦਿੱਤਾ।