ਇਸਲਾਮਾਬਾਦ: ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ (ਏਟੀਸੀ) ਨੇ 2014 'ਚ ਸੰਸਦ ਭਵਨ ਅਤੇ ਦਫਤਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਰਾਸ਼ਟਰਪਤੀ ਆਰਿਫ ਅਲਵੀ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸਮੇਤ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸੀਨੀਅਰ ਨੇਤਾਵਾਂ ਨੂੰ ਬਰੀ ਕਰ ਦਿੱਤਾ ਗਿਆ ਹੈ।
31 ਅਗਸਤ, 2014 ਨੂੰ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਰਟੀ ਪੀਟੀਆਈ ਅਤੇ ਪਾਕਿਸਤਾਨੀ ਅਵਾਮੀ ਤਹਿਰੀਕ (ਪੀਏਟੀ) ਦੇ ਸੈਂਕੜੇ ਕਾਰਕੁਨਾਂ ਅਤੇ ਪ੍ਰਦਰਸ਼ਨਕਾਰੀਆਂ ਨੇ ਪੀਟੀਵੀ ਦਫ਼ਤਰ ਅਤੇ ਸੰਸਦ ਭਵਨ ਕੰਪਲੈਕਸ ਵਿੱਚ ਭੰਨਤੋੜ ਕੀਤੀ ਅਤੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ।
‘ਦ ਡਾਨ ਨਿਊਜ਼’ ਵਿੱਚ ਛਪੀ ਖ਼ਬਰ ਮੁਤਾਬਕ ਪੀਟੀਆਈ ਦੇ ਜਿਨ੍ਹਾਂ ਹੋਰ ਆਗੂਆਂ ਨੂੰ ਬਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਯੋਜਨਾ ਅਤੇ ਵਿਕਾਸ ਮੰਤਰੀ ਅਸਦ ਉਮਰ, ਰੱਖਿਆ ਮੰਤਰੀ ਪਰਵੇਜ਼ ਖੱਟਕ, ਖੈਬਰ ਪਖਤੂਨਖਵਾ ਦੇ ਕਿਰਤ ਤੇ ਸੱਭਿਆਚਾਰ ਮੰਤਰੀ ਸ਼ੌਕਤ ਅਲੀ ਯੂਸਫ਼ਜ਼ਈ, ਸੈਨੇਟਰ ਏਜਾਜ਼ ਅਹਿਮਦ ਚੌਧਰੀ ਅਤੇ ਪਾਰਟੀ ਦੇ ਸਾਬਕਾ ਮੈਂਬਰ ਜਹਾਂਗੀਰ ਤਰੀਨ ਅਤੇ ਅਲੀਮ ਖਾਨ ਸ਼ਾਮਲ ਹਨ।
ਪਾਰਟੀ ਦੇ ਮੁਖੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਕਤੂਬਰ 2020 ਵਿੱਚ ਬਰੀ ਕਰ ਦਿੱਤਾ ਗਿਆ ਸੀ। ਜੱਜ ਮੁਹੰਮਦ ਅਲੀ ਵੜੈਚ ਨੇ ਰਾਸ਼ਟਰਪਤੀ ਅਲਵੀ ਦੀ ਅਰਜ਼ੀ ਅਤੇ ਉਨ੍ਹਾਂ ਨੂੰ ਬਰੀ ਕਰਨ ਲਈ ਪਾਰਟੀ ਦੇ ਹੋਰ ਨੇਤਾਵਾਂ ਦੀਆਂ ਪਟੀਸ਼ਨਾਂ 'ਤੇ ਫੈਸਲਾ ਸੁਣਾਇਆ।