ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸੱਤਾਧਾਰੀ ਪਾਰਟੀ ਨੇ ਆਪਣੇ ਉਸ ਨੇਤਾ ਨੂੰ ਮੁਅੱਤਲ ਕਰ ਦਿੱਤਾ ਹੈ ਜਿਸ ਨੇ ਹਿੰਦੂ ਵਿਰੋਧੀ ਪੋਸਟਰ ਲਾਹੌਰ ਵਿੱਚ ਲਾਏ ਸੀ। ਘੱਟ ਗਿਣਤੀ ਹਿੰਦੂ ਸਮੁਦਾਇ ਦੇ ਵਿਰੋਧ ਪੋਸਟਰ ਲਾਉਣ ਵਾਲੇ ਨੇਤਾ ਮੀਆਂ ਅਕਰਮ ਉਸਮਾਨ ਨੂੰ ਪੀਟੀਆਈ ਨੇ ਮੁਅੱਤਲ ਕਰ ਦਿੱਤਾ ਹੈ।
ਵਿਰੋਧ ਤੋ ਬਾਅਦ ਨੇਤਾ ਨੇ ਕਿਹਾ ਕਿ ਗ਼ਲਤੀ ਉਸ ਦੀ ਨਹੀਂ ਸਗੋਂ ਪ੍ਰਿੰਟਰ ਦੀ ਸੀ ਅੇਤ ਉਹ ਮਾਫ਼ੀ ਮੰਗਦੇ ਹੋਏ ਪੋਸਟਰ ਨੂੰ ਹਟਵਾ ਰਹੇ ਹਨ।
ਪਾਰਟੀ ਨੇ ਉਸਮਾਨ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਵਿੱਚ ਕਿਹਾ ਹੈ ਕਿ ਪੋਸਟਰ ਵਿੱਚ ਜਿੰਨਾਂ ਸ਼ਬਦਾ ਅਤੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ ਉਹ ਪਾਰਟੀ ਦੀਆਂ ਨੀਤੀਆਂ ਦੇ ਵਿਰੁੱਧ ਹੈ।
ਜ਼ਿਕਰ ਕਰ ਦਈਏ ਕਿ 5 ਫ਼ਰਵਰੀ ਨੂੰ ਪਾਕਿਸਤਾਨ ਵਿੱਚ ਮਨਾਏ ਗਏ ਕਸ਼ਮੀਰ ਇੱਕਜੁਟਤਾ ਦਿਵਸ ਦੇ ਮੌਕੇ ਉਸਮਾਨ ਨੇ ਇਹ ਪੋਸਟਰ ਲਾਹੌਰ ਵਿੱਚ ਲਵਾਏ ਸੀ। ਇਸ ਵਿੱਚ ਹਿੰਦੂ ਸਮਾਜ ਦੇ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਸੀ।
ਸੋਸ਼ਲ ਮੀਡੀਆ 'ਤੇ ਹੋਏ ਵਿਰੋਧ ਤੋਂ ਬਾਅਦ ਉਸਮਾਨ ਨੇ ਇੰਨ੍ਹਾਂ ਪੋਸਟਰਾਂ ਨੂੰ ਹਟਾ ਦਿੱਤਾ। ਉਸਮਾਨ ਨੇ ਕਿਹਾ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਲਾਉਣਾ ਚਾਹੁੰਦੇ ਸੀ ਪਰ ਪ੍ਰਿੰਟਰ ਦੀ ਗ਼ਲਤੀ ਨਾਲ ਮੋਦੀ ਦੀ ਜਗ੍ਹਾ ਹਿੰਦੂ ਛਪ ਗਿਆ।
ਸੋਸ਼ਲ ਮੀਡੀਆ ਤੇ ਹੋਈ ਅਲੋਚਨਾ ਤੋਂ ਬਾਅਦ ਉਸਮਾਨ ਨੇ ਟਵੀਟ ਕਰ ਕੇ ਕਿਹਾ, "ਮੈਂ ਸਰਹੱਦ ਦੇ ਇੱਧਰ ਅਤੇ ਉੱਧਰ ਦੋਵਾਂ ਪਾਸੇ ਦੇ ਹਿੰਦੂਆਂ ਤੋਂ ਮਾਫ਼ੀ ਮੰਗਦਾ ਹਾਂ ਜਿਵੇਂ ਹੀ ਇਹ ਗੱਲ ਮੇਰੇ ਧਿਆਨ ਵਿੱਚ ਆਈ ਮੈਂ ਸਾਰੇ ਪੋਸਟਰ ਵਾਪਸ ਲੈ ਲਏ।"