ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਐਤਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਮਜ਼ਬੂਰ ਕੀਤਾ ਗਿਆ ਤਾਂ ਉਹ ਹੋਰ ਵੀ ਖਤਰਨਾਕ ਹੋ ਜਾਣਗੇ। ਇਸ ਦੇ ਨਾਲ ਹੀ ਖਾਨ ਨੇ ਵਿਰੋਧੀ ਧਿਰ ਦੀ ਕੋਈ ਵੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਦੀ 23 ਮਾਰਚ ਨੂੰ ਜਲੂਸ ਕੱਢਣ ਦੀ ਯੋਜਨਾ ਬਾਰੇ ਸਵਾਲ ਦੇ ਜਵਾਬ ਵਿੱਚ ਖਾਨ ਨੇ ਕਿਹਾ ਕਿ ਇਹ ਕਦਮ ਅਸਫਲ ਰਹੇਗਾ।
ਪ੍ਰਧਾਨ ਮੰਤਰੀ ਨੇ ਕਿਹਾ, ਜੇਕਰ ਮੈਂ ਸੜਕਾਂ 'ਤੇ ਆਵਾਂਗਾ ਤਾਂ ਤੁਹਾਨੂੰ (ਵਿਰੋਧੀ) ਲੁਕਣ ਲਈ ਕੋਈ ਥਾਂ ਨਹੀਂ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਸਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਗਿਆ ਤਾਂ ਉਹ ਹੋਰ ਵੀ ਖਤਰਨਾਕ ਹੋ ਜਾਵੇਗਾ।
ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀ.ਡੀ.ਐਮ.) ਇੱਕ ਦਰਜਨ ਦੇ ਕਰੀਬ ਪਾਰਟੀਆਂ ਦਾ ਗਠਜੋੜ ਹੈ। ਇਸ ਗਠਜੋੜ ਦਾ ਕਹਿਣਾ ਹੈ ਕਿ ਰਾਜਨੀਤੀ ਵਿੱਚ ਫੌਜ ਦਾ ਦਖਲ ਘੱਟ ਹੋਣਾ ਚਾਹੀਦਾ ਹੈ। ਪੀਡੀਐਮ (Pakistan Democratic Movement) ਦਾ ਇਲਜ਼ਾਮ ਹੈ ਕਿ ਇਮਰਾਨ ਖ਼ਾਨ ਫ਼ੌਜ ਦੇ ਹੱਥਾਂ ਦੀ ਕਠਪੁਤਲੀ ਹੈ, ਜਿਸ ਨੂੰ ਚੋਣਾਂ ਵਿੱਚ ਧਾਂਦਲੀ ਕਰਕੇ ਜਿਤਾਇਆ ਗਿਆ ਸੀ।
ਪੀਡੀਐਮ ਦੇ ਪ੍ਰਧਾਨ ਅਤੇ ਜਮੀਅਤ ਉਲੇਮਾ-ਏ-ਇਸਲਾਮ-ਫਾਜ਼ਲੀ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਐਲਾਨ ਕੀਤਾ ਹੈ ਕਿ ਵਿਰੋਧੀ ਪਾਰਟੀਆਂ 23 ਮਾਰਚ ਨੂੰ ਇਸਲਾਮਾਬਾਦ ਵਿੱਚ ਲੰਮਾ ਮਾਰਚ ਕੱਢਣਗੀਆਂ। ਉਨ੍ਹਾਂ ਨੇ ਇਮਰਾਨ ਦੀ ਸਰਕਾਰ ਨੂੰ 'ਅਯੋਗ ਅਤੇ ਨਾਜਾਇਜ਼' ਕਰਾਰ ਦਿੱਤਾ ਅਤੇ ਕਿਹਾ ਕਿ ਪਾਕਿਸਤਾਨ ਨੂੰ ਇਸ ਤੋਂ ਛੁਟਕਾਰਾ ਦਿਵਾਇਆ ਜਾਵੇਗਾ।