ਨਵੀਂ ਦਿੱਲੀ: ਪਾਕਿਸਤਾਨ ਸਰਕਾਰ ਨੇ ਕੁਲਭੂਸ਼ਣ ਜਾਧਵ ਨੂੰ ਵਕੀਲ ਦੇਣ ਲਈ ਇਸਲਾਮਾਬਾਦ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ, ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੀ ਮਦਦ ਤੋਂ ਬਿਨ੍ਹਾਂ ਜਾਧਵ ਵਕੀਲ ਨਹੀਂ ਕਰ ਸਕਦਾ। ਪਾਕਿਸਤਾਨ ਨੇ ਇਹ ਵੀ ਕਿਹਾ ਹੈ ਕਿ ਕੁਲਭੂਸ਼ਣ ਨੇ ਰਿਵਿਊ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਪਿਛਲੇ ਹਫਤੇ ਹੀ ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਤੱਕ ਭਾਰਤ ਨੂੰ ਕੌਨਸੁਲਰ ਪਹੁੰਚ ਦਿੱਤੀ ਸੀ। ਹਾਲਾਂਕਿ, ਬੈਠਕ ਤੋਂ ਭਾਰਤ ਅਸੰਤੁਸ਼ਟ ਰਿਹਾ ਸੀ।
ਭਾਰਤ ਸਰਕਾਰ ਨੇ ਕਿਹਾ ਸੀ ਕਿ ਪਹੁੰਚ “ਨਾ ਤਾਂ ਸਾਰਥਕ ਹੈ ਅਤੇ ਨਾ ਹੀ ਭਰੋਸੇਯੋਗ ਹੈ,” ਅਤੇ ਮੌਤ ਦੀ ਸਜ਼ਾ ਕੱਟ ਰਹੇ ਕੈਦੀ ਕੁਲਭੂਸ਼ਣ ਜਾਧਵ ਤਣਾਅ ਹੇਠਾਂ ਦਿਸੇ।
ਭਾਰਤ ਦਾ ਕਹਿਣਾ ਹੈ ਕਿ ਕੁਲਭੂਸ਼ਣ ਜਾਧਵ ਮਾਮਲੇ ‘ਚ ਪਾਕਿਸਤਾਨ ਕੌਮਾਂਤਰੀ ਅਦਾਲਤ ਦੇ ਹੁਕਮਾਂ ਦੀ ਬਿਲਕੁਲ ਪਾਲਣਾ ਨਹੀਂ ਕਰ ਰਿਹਾ। ਭਾਰਤ ਦੀ ਮੰਗ ਰਹੀ ਹੈ ਕਿ ਕੁਲਭੂਸ਼ਣ ਜਾਧਵ ਨਾਲ 2 ਅਧਿਕਾਰੀਆਂ ਨੂੰ ਮਿਲਣ ਦਿੱਤਾ ਜਾਵੇ ਤੇ ਵਕੀਲ ਵੀ ਪਾਕਿਸਤਾਨ ਤੋਂ ਬਾਹਰ ਦਾ ਹੋਵੇ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਪਿਛਲੇ ਹਫਤੇ ਹੀ ਦਾਅਵਾ ਕੀਤਾ ਸੀ ਕਿ ਕੁਲਭੂਸ਼ਣ ਜਾਧਵ ਨੇ ਰਿਵਿਊ ਪਟੀਸ਼ਨ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ।