ਬੀਜਿੰਗ: ਸੰਯੁਕਤ ਰਾਸ਼ਟਰ ਮਹਾਂਸਭਾ (ਯੂਐਨਜੀਏ) ਦੀ 75ਵੀਂ ਬੈਠਕ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਕਿਸੇ ਵੀ ਦੇਸ਼ ਨਾਲ ਸ਼ੀਤ ਯੁੱਧ ਜਾਂ ਕੋਈ ਹੋਰ ਲੜਾਈ ਲੜਨ ਦਾ ਇਰਾਦਾ ਨਹੀਂ ਰੱਖਦਾ ਹੈ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਚੀਨ ਵਿਸ਼ਵ ਦਾ ਸਭ ਤੋਂ ਵੱਡਾ ਵਿਕਾਸਸ਼ੀਲ ਦੇਸ਼ ਹੈ, ਜੋ ਸ਼ਾਂਤੀਪੂਰਨ, ਖੁੱਲੇ, ਸਹਿਕਾਰੀ ਅਤੇ ਆਮ ਵਿਕਾਸ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਅਸੀਂ ਵਿਵਾਦਾਂ ਨੂੰ ਸੁਲਝਾਉਣ ਅਤੇ ਦੂਜਿਆਂ ਨਾਲ ਵਿਵਾਦਾਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ।
ਚੀਨੀ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ‘ਦੁਨੀਆਂ ਨੂੰ ਸੱਭਿਅਤਾਵਾਂ ਦੀ ਲੜਾਈ ਵਿੱਚ ਨਹੀਂ ਪੈਣਾ ਚਾਹੀਦਾ ਹੈ ਅਤੇ ਵੱਡੇ ਦੇਸ਼ਾਂ ਨੂੰ ਵੱਡੇ ਦੇਸ਼ਾਂ ਵਾਂਗ ਹੀ ਕੰਮ ਕਰਨਾ ਚਾਹੀਦਾ ਹੈ।’
ਪੂਰਬੀ ਲੱਦਾਖ ਵਿੱਚ ਕਈ ਮਹੀਨਿਆਂ ਤੋਂ ਭਾਰਤ ਨਾਲ ਤਣਾਅ ਨੂੰ ਲੈ ਕੇ ਜਿਨਪਿੰਗ ਨੇ ਕਿਹਾ ਕਿ ਚੀਨ ਕਦੇ ਵੀ ਆਪਣਾ ਅਧਿਕਾਰ ਵਧਾਉਣ ਜਾਂ ਕਿਸੇ ਹੋਰ ਥਾਂ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਨਹੀਂ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਆਪਣੇ ਵਿਵਾਦਾਂ ਅਤੇ ਮਤਭੇਦਾਂ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਜਾਰੀ ਰੱਖੇਗਾ।
ਸ਼ੀ ਜਿਨਪਿੰਗ ਨੇ ਕਿਹਾ ਕਿ ‘ਸਾਡਾ ਦੇਸ਼ ਬੰਦ ਦਰਵਾਜ਼ਿਆਂ ਪਿੱਛੇ ਆਪਣਾ ਵਿਕਾਸ ਨਹੀਂ ਕਰੇਗਾ। ਇਸ ਦੀ ਬਜਾਏ, ਅਸੀਂ ਸਮੇਂ ਦੇ ਨਾਲ ਘਰੇਲੂ ਵਿਸਥਾਰ ਦੇ ਸਿਖਰ 'ਤੇ ਵਿਕਾਸ ਦੀ ਮਿਸਾਲ ਬਣਾਉਣਾ ਅਤੇ ਫਿਰ ਘਰੇਲੂ ਅਤੇ ਅੰਤਰਰਾਸ਼ਟਰੀ ਵਿਸਥਾਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ, ਇਹ ਚੀਨ ਦੇ ਆਰਥਿਕ ਵਿਕਾਸ ਨੂੰ ਵੀ ਜਗ੍ਹਾ ਦੇਵੇਗਾ ਅਤੇ ਇਹ ਵਿਸ਼ਵਵਿਆਪੀ ਆਰਥਿਕਤਾ ਅਤੇ ਵਿਕਾਸ ਨੂੰ ਵੀ ਸੁਧਾਰ ਦੇਵੇਗਾ।'
ਵਾਇਰਸ ਨਾਲ ਜੁੜੇ ਹਮਲਿਆਂ ਦੇ ਜਵਾਬ ਵਿੱਚ, ਜਿਨਪਿੰਗ ਨੇ ਕਿਹਾ ਕਿ ਸਾਨੂੰ ਇਸ ਸਮੇਂ ਇੱਕ ਦੂਜੇ ਦੇ ਨਾਲ ਖੜ੍ਹਨਾ ਚਾਹੀਦਾ ਹੈ। ਵਿਗਿਆਨ ਨੂੰ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਹੇਠ ਅਪਣਾਇਆ ਜਾਣਾ ਚਾਹੀਦਾ ਹੈ ਅਤੇ ਇਸ ਮੁੱਦੇ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦਾ।
ਦੱਸਣਯੋਗ ਹੈ ਕਿ ਚੀਨ ਤੇ ਭਾਰਤੀ ਸੈਨਾ ਦੇ ਉੱਚ ਕਮਾਂਡਰਾਂ ਦੀ ਬੀਤੇ ਮੰਗਲਵਾਰ ਨੂੰ 6ਵੇਂ ਗੇੜ ਦੀ ਇੱਕ ਬੈਠਕ ਹੋਈ ਸੀ ਜੋ 13 ਘੰਟੇ ਤੱਕ ਚੱਲੀ ਤੇ ਇਸ ਵਿੱਚ ਸਰਕਾਰ ਦੇ ਕੁੱਝ ਉੱਚ ਅਧਿਕਾਰੀ ਵੀ ਸ਼ਾਮਿਲ ਹੋਏ ਸਨ। ਇਹ ਬੈਠਕ ਪੂਰਵੀ ਲਦਾਖ ਵਿੱਚ ਉੱਚ ਉਚਾਈ ਵਾਲੇ ਟਕਰਾਅ ਬਿੰਦੂਆਂ ਉੱਤੇ ਤਣਾਅ ਘੱਟ ਕਰਨ ਨੂੰ ਲੈ ਕੇ ਕੇਂਦਰਿਤ ਰਹੀ ਸੀ ਤੇ ਦੋਵਾਂ ਪੱਖਾਂ ਨੇ ਗੱਲਬਾਤ ਅੱਗੇ ਵਧਾਉਣ ਤੇ ਮੁੜ ਬੈਠਕ ਕਰਨ ਉੱਤੇ ਸਹਿਮਤੀ ਜਤਾਈ ਸੀ।
ਦੱਸਦਈਏ ਕਿ ਚੀਨੀ ਰਾਸ਼ਟਰਪਤੀ ਨੇ ਇਹ ਬਿਆਨ ਭਾਰਤ ਨਾਲ ਲੱਦਾਖ ਵਿੱਚ ਚੱਲ ਰਹੇ ਤਣਾਅ ਅਤੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਚੀਨ ਉੱਤੇ ਕੀਤੇ ਜਾ ਰਹੇ ਹਮਲਿਆਂ ਦੇ ਚੱਲਦਿਆਂ ਦਿੱਤਾ ਹੈ। ਟਰੰਪ ਨੇ ਕੋਰੋਨਾਵਾਇਰਸ ਮਹਾਂਮਾਰੀ ਨੂੰ ਲੈ ਕੇ ਚੀਨ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਵੀ ਕੀਤੀ ਸੀ।