ਨਵੀਂ ਦਿੱਲੀ:ਪਾਕਿਸਤਾਨ ਵਿੱਚ ਐਂਟੀ ਸਾਈਬਰ ਕ੍ਰਾਈਮ ਕੋਰਟ ਨੇ ਇੱਕ ਮੁਸਲਿਮ ਔਰਤ ਨੂੰ ਵਟਸਐਪ ਰਾਹੀਂ ਈਸ਼ਨਿੰਦਾ ਸੰਦੇਸ਼ ਭੇਜਣ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ ਹੈ। ਸਮਾ ਟੀਵੀ ਦੇ ਅਨੁਸਾਰ, 26 ਸਾਲਾ ਔਰਤ ਨੂੰ ਮਈ 2020 ਵਿੱਚ ਈਸ਼ਨਿੰਦਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਔਰਤ ਨੇ ਆਪਣੇ ਵਟਸਐਪ ਸਟੇਟਸ ਵਿੱਚ ਈਸ਼ਨਿੰਦਾ ਨਾਲ ਸਬੰਧਤ ਮੈਸੇਜ ਪਾ ਦਿੱਤੇ ਸਨ। ਜਦੋਂ ਉਸ ਦੇ ਦੋਸਤ ਨੇ ਸਟੇਟਸ ਹਟਾਉਣ ਲਈ ਕਿਹਾ ਤਾਂ ਔਰਤ ਨੇ ਉਹ ਮੈਸੇਜ ਆਪਣੇ ਦੋਸਤ ਨੂੰ ਹੀ ਭੇਜ ਦਿੱਤਾ।
ਇਹ ਵੀ ਪੜੋ:ਲਾਹੌਰ 'ਚ ਬੰਬ ਧਮਾਕਾ, ਤਿੰਨ ਦੀ ਮੌਤ, 20 ਹੋਰ ਜ਼ਖਮੀ
ਇਸਲਾਮ ਵਿੱਚ ਪੈਗੰਬਰ ਮੁਹੰਮਦ ਦੀਆਂ ਤਸਵੀਰਾਂ ਖਿੱਚਣ ਦੀ ਮਨਾਹੀ ਹੈ। ਔਰਤ ਨੂੰ ਪਾਕਿਸਤਾਨ ਪੈਨਲ ਕੋਡ ਦੀ ਧਾਰਾ 295 ਸੀ ਦੇ ਤਹਿਤ ਕੁੱਲ 20 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜੋ ਈਸ਼ਨਿੰਦਾ ਨਾਲ ਸੰਬੰਧਿਤ ਹੈ। ਉਸ 'ਤੇ 150,000 ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਅਦਾਲਤ ਅਨੁਸਾਰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਦਨਾਨ ਮੁਸ਼ਤਾਕ ਨੇ ਔਰਤ ਨੂੰ ਜਾਣਬੁੱਝ ਕੇ ਧਰਮ ਦਾ ਅਪਮਾਨ ਕਰਨ ਅਤੇ ਧਾਰਮਿਕ ਵਿਅਕਤੀ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨ ਲਈ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।
ਇਸ ਤੋਂ ਇਲਾਵਾ ਸਾਈਬਰ ਕ੍ਰਾਈਮ ਐਕਟ ਤਹਿਤ ਜਾਅਲਸਾਜ਼ੀ ਲਈ ਸੱਤ ਸਾਲ ਦੀ ਵੱਖਰੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵਿੱਚ ਔਰਤ ਵੱਲੋਂ ਰਾਜਾ ਇਮਰਾਨ ਖਲੀਲ ਐਡਵੋਕੇਟ ਨੇ ਬਹਿਸ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਵਿੱਚ ਈਸ਼ਨਿੰਦਾ ਦੇ ਦੋਸ਼ ਵਿੱਚ ਕਰੀਬ 80 ਲੋਕ ਜੇਲ੍ਹ ਵਿੱਚ ਹਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਇਸ ਕਾਨੂੰਨ ਮੁਤਾਬਕ ਹੁਣ ਤੱਕ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ ਹੈ।