ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਸ਼ੁੱਕਰਵਾਰ ਨੂੰ ਫੋਨ 'ਤੇ ਗੱਲਬਾਤ ਕੀਤੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਵਾਂ ਨੇਤਾਵਾਂ ਨੇ ਆਪਸੀ ਹਿੱਤਾਂ ਨਾਲ ਜੁੜੇ ਮੁੱਦਿਆਂ ਤੋਂ ਇਲਾਵਾ ਖੇਤਰੀ ਅਤੇ ਵਿਸ਼ਵਵਿਆਪੀ ਸਥਿਤੀ ਉੱਤੇ ਵਿਚਾਰ ਵਟਾਂਦਰੇ ਕੀਤੇ।
ਮੋਦੀ ਨੇ ਮੈਕਰੋਨ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੈਕਰੋਨ ਨਾਲ ਆਪਣੀਆਂ ਪਿਛਲੀਆਂ ਮੁਲਾਕਾਤਾਂ ਨੂੰ ਯਾਦ ਕੀਤਾ।
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਫਰਾਂਸ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਲਾਕਡਾਊਨ ਮਾਮਲਾ: ਸੁਪਰੀਮ ਕੋਰਟ ਨੇ ਕਿਹਾ, ਗ਼ੈਰ ਜ਼ਰੂਰੀ ਹੁਕਮਾਂ ਨੂੰ ਵਾਪਸ ਲਵੇ ਕੇਂਦਰ ਸਰਕਾਰ
ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਬਹੁ-ਪੱਧਰੀ ਸਬੰਧਾਂ ਵਿੱਚ ਨਿਰੰਤਰ ਤਰੱਕੀ ‘ਤੇ ਤਸੱਲੀ ਪ੍ਰਗਟਾਈ।
ਇੱਕ ਬਿਆਨ ਅਨੁਸਾਰ, ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਨਾਲ-ਨਾਲ ਖੇਤਰੀ ਅਤੇ ਵਿਸ਼ਵਵਿਆਪੀ ਹਾਲਤਾਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਦੋਵਾਂ ਨੇਤਾਵਾਂ ਵਿਚਾਲੇ ਅਮਰੀਕਾ ਦੇ ਹਮਲੇ ਵਿੱਚ ਇਰਾਨੀ ਕਮਾਂਡਰ ਜਨਰਲ ਕਾਸੀਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਖਾੜੀ ਖੇਤਰ ਵਿੱਚ ਤਣਾਅ ਦੇ ਪਿਛੋਕੜ ਬਾਰੇ ਵੀ ਗੱਲਬਾਤ ਹੋਈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਨੇਤਾਵਾਂ ਨੇ ਰੱਖਿਆ, ਸਿਵਲ ਪ੍ਰਮਾਣੂ ਊਰਜਾ ਅਤੇ ਸਮੁੰਦਰੀ ਸੁਰੱਖਿਆ ਸਮੇਤ ਦੋਵਾਂ ਦੇਸ਼ਾਂ ਦਰਮਿਆਨ ਸਰਵਪੱਖੀ ਰਣਨੀਤਕ ਸਹਿਯੋਗ ਅਤੇ ਸੰਪਰਕ ਵਧਾਉਣ ‘ਤੇ ਸਹਿਮਤੀ ਦਿੱਤੀ।