ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਭੀੜ ਨੇ ਇੱਕ ਸ਼੍ਰੀਲੰਕਾਈ ਨਾਗਰਿਕ ਦਾ ਕਥਿਤ ਈਸ਼ਨਿੰਦਾ ਦੇ ਮਾਮਲੇ ਵਿੱਚ ਬੇਰਹਿਮੀ ਨਾਲ ਕੁੱਟ- ਕੁੱਟ ਕੇ ਕਤਲ ( brutally beaten to death) ਕਰ ਦਿੱਤਾ ਬਾਅਦ ਵਿੱਚ ਉਸਦੀ ਲਾਸ਼ ਨੂੰ ਸਾੜ ਦਿੱਤਾ। ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲਗਭਗ 40 ਸਾਲਾ ਪ੍ਰਿਅੰਤਾ ਕੁਮਾਰਾ ਇੱਥੋਂ ਲਗਭਗ 100 ਕਿਲੋਮੀਟਰ ਦੂਰ ਸਿਆਲਕੋਟ ਜ਼ਿਲ੍ਹੇ ਵਿੱਚ ਇੱਕ ਫੈਕਟਰੀ ਵਿੱਚ ਜਨਰਲ ਮੈਨੇਜਰ ਵਜੋਂ ਕੰਮ ਕਰਦਾ ਸੀ।
ਅਧਿਕਾਰੀ ਨੇ ਕਿਹਾ, "ਕੁਮਾਰਾ ਨੇ ਕਥਿਤ ਤੌਰ 'ਤੇ ਕੱਟੜਪੰਥੀ ਤਹਿਰੀਕ-ਏ-ਲਬੈਇਕ ਪਾਕਿਸਤਾਨ (ਟੀਐਲਪੀ) ਦਾ ਇੱਕ ਪੋਸਟਰ ਪਾੜ ਦਿੱਤਾ, ਪਾੜੇ ਪੋਸਟਰ ਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਸਨ ਅਤੇ ਫਿਰ ਇਸ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ। ਅਧਿਕਾਰੀ ਨੇ ਕਿਹਾ ਕੁਮਾਰਾ ਦੇ ਦਫ਼ਤਰ ਨੇੜਲੀ ਕੰਧ 'ਤੇ ਇਸਲਾਮਿਕ ਪਾਰਟੀ ਦਾ ਪੋਸਟਰ ਚਿਪਕਾਇਆ ਹੋਇਆ ਸੀ। ਫੈਕਟਰੀ ਦੇ ਕੁਝ ਕਰਮਚਾਰੀਆਂ ਨੇ ਉਸ ਨੂੰ ਪੋਸਟਰ ਹਟਾਉਂਦੇ ਦੇਖਿਆ ਅਤੇ ਫੈਕਟਰੀ ਵਿੱਚ ਇਹ ਗੱਲ ਦੱਸੀ।
ਈਸ਼ਨਿੰਦਾ ਦੀ ਘਟਨਾ ਨੂੰ ਲੈ ਕੇ ਆਲੇ ਦੁਆਲੇ ਦੇ ਸੈਂਕੜੇ ਲੋਕ ਫੈਕਟਰੀ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਇੰਨ੍ਹਾਂ ਵਿੱਚੋਂ ਜ਼ਿਆਦਾਤਰ ਟੀਐਲਪੀ ਦੇ ਕਾਰਕੁਨ ਅਤੇ ਸਮਰਥਕ ਸਨ। ਸੋਸ਼ਲ ਮੀਡੀਆ 'ਤੇ ਕਈ ਵੀਡੀਓ ਜਾਰੀ ਕੀਤੇ ਗਏ, ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਸ਼੍ਰੀਲੰਕਾਈ ਨਾਗਰਿਕ ਦੀ ਲਾਸ਼ ਦੇ ਆਲੇ-ਦੁਆਲੇ ਸੈਂਕੜੇ ਲੋਕ ਖੜ੍ਹੇ ਹਨ। ਉਹ ਟੀਐਲਪੀ ਦੇ ਸਮਰਥਨ ਵਿੱਚ ਨਾਅਰੇ ਲਗਾ ਰਹੇ ਸਨ।
ਸਿਆਲਕੋਟ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਉਮਰ ਸਈਦ ਮਲਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀਲੰਕਾਈ ਨਾਗਰਿਕ ਦੀ ਹੱਤਿਆ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੀ ਗਈ ਹੈ।