ਦ ਹੇਗ: ਨੀਦਰਲੈਂਡ ਦੇ ਹੇਗ ਵਿੱਚ ਸਥਿਤ ਆਈਸੀਜੇ 'ਚ ਪਾਕਿਸਤਾਨ ਵਿੱਚ ਬੰਦ ਭਾਰਤ ਦੇ ਕੁਲਭੂਸ਼ਣ ਜਾਧਵ ਮਾਮਲੇ ਵਿੱਚ ਫੈਸਲਾ ਆ ਗਿਆ ਹੈ। ਭਾਰਤ ਦੀ ਵੱਡੀ ਜਿੱਤ ਹੋਈ ਹੈ, ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਗਈ ਹੈ।
ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਦੇ ਵਕੀਲਾਂ ਦੀ ਟੀਮ ਉੱਥੇ ਮੌਜੂਦ ਹੈ ਤੇ ਖ਼ਬਰ ਆ ਰਹੀ ਹੈ ਕਿ ਉੱਥੇ ਮੌਜੂਦ 16 ਜੱਜ 'ਚੋਂ 15 ਨੇ ਭਾਰਤ ਦੇ ਹੱਕ ਚ ਫੈਸਲਾ ਸੁਣਾਇਆ ਹੈ। ਕੁਲਭੂਸ਼ਣ ਜਾਧਵ ਨੂੰ ਕਾਊਂਸਲਰ ਐਕਸੈੱਸ ਮਿਲ ਗਈ ਹੈ।
ਆਈਸੀਜੇ ਦੀ ਕਾਨੂੰਨੀ ਸਲਾਹਕਾਰ ਰੀਮਾ ਓਮੇਰ ਨੇ ਟਵੀਟ ਕਰ ਕਿਹਾ ਹੈ ਕਿ ਜਾਧਵ ਨੂੰ ਕਾਊਂਸਲਰ ਐਕਸੈੱਸ ਮਿਲੇਗਾ ਅਤੇ ਕੋਰਟ ਨੇ ਪਾਕਿਸਤਾਨ ਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਨੀਦਰਲੈਂਡ ਦੇ ਹੇਗ ਦੇ ਪੀਸ ਪੈਲੇਸ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ, ਜਿਸ ਵਿੱਚ ਚੀਫ਼ ਜਸਟਿਸ ਅਬਦੁਲਕਾਵੀ ਅਹਿਮਦ ਯੂਸਫ਼ ਨੇ ਫੈਸਲਾ ਪੜ੍ਹਿਆ। ਆਈਸੀਜੇ ਦੇ ਚੀਫ਼ ਜਸਟਿਸ ਯੂਸਫ ਨੇ ਫੈਸਲਾ ਪੜ੍ਹਦਿਆਂ ਇਹ ਗੱਲ ਮੰਨੀ ਕਿ ਪਾਕਿ ਨੇ ਭਾਰਤ ਦੀ ਅਪੀਲ ਨਹੀਂ ਸੁਣੀ ਤੇ ਜਾਧਵ ਨੂੰ ਉਸ ਦੇ ਬਣਦੇ ਹੱਕ ਨਹੀਂ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਪਾਕਿ ਆਪਣੇ ਫੈਸਲੇ ਨੂੰ ਮੁੜ ਵਿਚਾਰੇ ਅਤੇ ਜਾਧਵ ਨੂੰ ਕਾਨੂੰਨੀ ਮਦਦ ਮਤਲਬ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਲਈ ਵਕੀਲ ਮੁਹੱਈਆ ਕਰਵਾਏ ਜਾਣ।
ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਫੈਸਲਾ ਆਉਣ 'ਤੇ ICJ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।