ਬੀਜਿੰਗ: ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚੀਨ ਭਾਰਤ ਦੀ ਮਦਦ ਲਈ ਅੱਗੇ ਆਇਆ ਹੈ। ਵੀਰਵਾਰ ਨੂੰ ਚੀਨ ਨੇ ਭਾਰਤ ਨੂੰ 6,50,000 ਕੋਵਿਡ-19 ਟੈਸਟਿੰਗ ਕਿੱਟਾਂ ਭੇਜੀਆਂ ਜਿਨ੍ਹਾਂ ਵਿੱਚ ਰੈਪਿਡ ਐਂਟੀਬਾਡੀ ਟੈਸਟ ਕਿੱਟਾਂ ਸ਼ਾਮਲ ਹਨ।
ਇਸ ਤੋਂ ਪਹਿਲਾਂ ਬੀਜਿੰਗ ਵਿੱਚ ਭਾਰਤੀ ਰਾਜਦੂਤ ਵਿਕਰਮ ਮਿਸਰੀ ਨੇ ਜਾਣਕਾਰੀ ਦਿੱਤੀ ਸੀ ਕਿ ਕੋਵਿਡ-19 ਮਹਾਂਮਾਰੀ ਨਾਲ ਲੜਨ ਵਿੱਚ ਸਹਾਇਤਾ ਲਈ ਚੀਨ ਕੋਰੋਨਾ ਵਾਇਰਸ ਮੈਡੀਕਲ ਕਿੱਟਾਂ ਭਾਰਤ ਨੂੰ ਭੇਜੇਗਾ। ਉਨ੍ਹਾਂ ਨੇ ਕਿਹਾ ਕਿ ਅਗਲੇ 15 ਦਿਨਾਂ ਵਿੱਚ ਚੀਨ ਵੱਲੋਂ 20 ਲੱਖ ਤੋਂ ਵੱਧ ਟੈਸਟ ਕਿੱਟਾਂ ਭਾਰਤ ਭੇਜੀਆਂ ਜਾਣਗੀਆਂ।
ਮਿਸਰੀ ਨੇ ਵੀਰਵਾਰ ਨੂੰ ਟਵੀਟ ਕਰਦਿਆਂ ਕਿਹਾ ਕਿ ਰੈਪਿਡ ਐਂਟੀਬਾਡੀ ਟੈਸਟ ਅਤੇ ਆਰਐਨਏ ਐਕਸਟਰੈਕਸ਼ਨ ਕਿੱਟਾਂ ਸਮੇਤ ਕੁੱਲ 6,50,000 ਕਿੱਟਾਂ ਨੂੰ ਅੱਜ ਸਵੇਰੇ ਗੁਆਂਗਜ਼ੂ ਏਅਰਪੋਰਟ ਤੋਂ ਰਵਾਨਾ ਕੀਤਾ ਗਿਆ ਹੈ।
2 ਮਹੀਨੇ ਕੋਰੋਨਾ ਨਾਲ ਜੰਗ ਤੋਂ ਬਾਅਦ ਚੀਨ ਵਿੱਚ ਫੈਕਟਰੀਆਂ ਮੁੜ ਤੋਂ ਚਾਲੂ ਕਰ ਦਿੱਤੀਆਂ ਗਈਆਂ ਹਨ। ਚੀਨ ਹੁਣ ਪੂਰੀ ਦੁਨੀਆ ਵਿੱਚ ਫੈਲੇ ਇਸ ਵਾਇਰਸ ਨਾਲ ਲੜਾਈ ਲਈ ਲੋੜੀਂਦਾ ਮੈਡੀਕਲ ਸਮਾਨ, ਖਾਸ ਤੌਰ 'ਤੇ ਵੈਂਟੀਲੇਟਰ ਅਤੇ ਨਿੱਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟਾਂ ਦੇ ਨਿਰਯਾਤ ਦੇ ਵਿੱਚ ਰੁੱਝਿਆ ਹੋਇਆ ਹੈ। ਨਿੱਜੀ ਅਤੇ ਸਰਕਾਰੀ ਦੋਵੇਂ ਅਦਾਰਿਆਂ ਵੱਲੋਂ ਇਨ੍ਹਾਂ ਉਤਪਾਦਾਂ ਦੇ ਆਯਾਤ ਲਈ ਆਰਡਰ ਦਿੱਤੇ ਜਾ ਰਹੇ ਹਨ।