ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸ਼੍ਰੀਲੰਕਾ ਯਾਤਰਾ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਭਾਰਤ ਸਰਕਾਰ ਨੇ ਇਮਰਾਨ ਖਾਨ ਦੇ ਜਹਾਜ਼ ਨੂੰ ਭਾਰਤੀ ਹਵਾਈ ਖੇਤਰ ਵਿਚੋਂ ਲੰਘਣ ਦੀ ਆਗਿਆ ਦੇ ਦਿੱਤੀ ਹੈ।
ਦੋ ਦਿਨਾਂ ਲਈ ਸ਼੍ਰੀਲੰਕਾ ਦੌਰੇ 'ਤੇ ਇਮਰਾਨ ਖਾਨ
ਦੱਸ ਦਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 23 ਫ਼ਰਵਰੀ ਤੋਂ ਸ੍ਰੀਲੰਕਾ ਦੇ ਦੋ ਦਿਨਾਂ ਦੌਰੇ ‘ਤੇ ਜਾਣਗੇ। ਇਸ ਯਾਤਰਾ ਦੌਰਾਨ ਇਮਰਾਨ ਖਾਨ ਨਾਲ ਕੈਬਿਨੇਟ ਅਤੇ ਸੀਨੀਅਰ ਅਧਿਕਾਰੀਆਂ ਦਾ ਵੱਡਾ ਵਫ਼ਦ ਵੀ ਹੋਵੇਗਾ। ਆਪਣੀ ਦੋ ਦਿਨਾਂ ਯਾਤਰਾ ਦੌਰਾਨ ਉਹ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਾਬਾਯਾ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨਾਲ ਮੁਲਾਕਾਤ ਕਰਨਗੇ। ਇਮਰਾਨ ਖਾਨ ਦੀ ਇਹ ਫੇਰੀ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਪਾਕਿਸਤਾਨ ਆਰਥਿਕਤਾ ਅਤੇ ਅੰਦਰੂਨੀ ਮੋਰਚੇ 'ਤੇ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ।