ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੀਐਮਐਲ-ਐਨ ਦੇ ਸੁਪਰੀਮੋ ਨਵਾਜ਼ ਸ਼ਰੀਫ 'ਤੇ ਜੰਮ ਕੇ ਨਿਸ਼ਾਨੇ ਵਿਨ੍ਹੇ ਹਨ। ਇਮਰਾਨ ਨੇ ਕਿਹਾ ਕਿ ਨਵਾਜ਼ ਸ਼ਰੀਫ ਲੰਡਨ ਵਿੱਚ ਗਿੱਦੜ ਦੀ ਤਰ੍ਹਾਂ ਬੈਠੇ ਹਨ ਅਤੇ ਫੌਜ ਨੂੰ ਨਿਸ਼ਾਨਾ ਬਣਾ ਰਹੇ ਹਨ। ਖਾਨ ਨੇ ਖੈਬਰ ਪਖਤੂਨਖਵਾ ਦੇ ਮਿੰਗੋਰਾ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨੀ ਫੌਜ ਦੀ ਰਾਜਨੀਤੀ ਵਿੱਚ ਸ਼ਾਮਲ ਹੋਣ ਅਤੇ ਫੌਜ ਦੇ ਮੁਖੀ ਅਤੇ ਆਈਐਸਆਈ ਦੀ ਥਾਂ ਲੈਣ ਦੀ ਮੰਗ ਕਰਕੇ ਫੌਜ ਵਿੱਚ ਬਗ਼ਾਵਤ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਮਹਿਲਾ ਹੋਣ ਦਾ ਫਾਇਦਾ ਚੁੱਕ ਰਹੀ ਮਰੀਅਮ
ਨਿਜ਼ੀ ਅਖਬਾਰ ਦੀ ਖ਼ਬਰ ਅਨੁਸਾਰ ਖਾਨ ਨੇ ਕਿਹਾ ਕਿ ਨਵਾਜ਼ ਸ਼ਰੀਫ ਬਿਮਾਰੀ ਦੇ ਬਹਾਨੇ ਦੇਸ਼ ਤੋਂ ਭੱਜ ਗਏ। ਉਹ ਪੈਸੇ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈ ਅਤੇ ਦੌਲਤ ਨੂੰ ਇੱਕਠਾ ਕੀਤਾ ਹੈ। ਖ਼ਾਨ ਨੇ ਫੌਜ 'ਤੇ ਸਿਆਸਤ 'ਚ ਦਖ਼ਲ ਦੇਣ ਦਾ ਦੋਸ਼ ਲਗਾਉਣ ਵਾਲੀ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ 'ਤੇ ਵੀ ਹਮਲਾ ਬੋਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਔਰਤ ਹੋਣ ਦਾ ਫਾਇਦਾ ਚੁੱਕ ਰਹੀ ਹੈ। ਖਾਨ ਨੇ ਕਿਹਾ ਕਿ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪੁੱਤਰਾਂ ਵਿੱਚ ਹਿੰਮਤ ਨਹੀਂ ਸੀ ਕਿ ਉਹ ਦੇਸ਼ ਵਿੱਚ ਰਹਿੰਦੇ ਹੋਏ ਪਾਕਿਸਤਾਨੀ ਫੌਜ 'ਤੇ ਹਮਲਾ ਕਰਨ, ਇਸ ਲਈ ਉਹ ਵਿਦੇਸ਼ ਭੱਜ ਗਏ। ਮਰੀਅਮ ਨਵਾਜ਼ ਜਾਣਦੀ ਹੈ ਕਿ ਅਸੀਂ ਉਸ ਨੂੰ ਇੱਕ ਔਰਤ ਹੋਣ ਦੇ ਕਾਰਨ ਜੇਲ੍ਹ ਨਹੀਂ ਭੇਜਾਂਗੇ, ਇਸ ਲਈ ਉਹ ਫੌਜ ਦੇ ਵਿਰੁੱਧ ਜ਼ਹਿਰ ਉਗਲ ਰਹੀ ਹੈ।