ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਦੁਨੀਆ ਭਰ ਵਿੱਚ ਇਸ ਦੀ ਤਬਾਹੀ ਲਗਾਤਾਰ ਜਾਰੀ ਹੈ। ਹੁਣ ਤੱਕ ਅਧਿਕਾਰਿਕ ਤੌਰ 'ਤੇ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਸਾਢੇ 73 ਲੱਖ ਤੋਂ ਵੱਧ ਹੋ ਚੁੱਕੀ ਹੈ, ਜਿੰਨਾਂ ਵਿੱਚੋਂ 4 ਲੱਖ 15 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਕੋਰੋਨਾ ਮਹਾਂਮਾਰੀ ਨੇ ਦੁਨੀਆਂ ਦੇ ਸਭ ਤੋਂ ਵਿਕਸਿਤ ਦੇਸ਼ਾਂ ਨੂੰ ਆਪਣਾ ਸਭ ਤੋਂ ਵੱਡਾ ਨਿਸ਼ਾਨਾ ਬਣਾਇਆ ਹੈ ਅਤੇ ਆਪਣੀ ਮਾਰ ਨਾਲ ਉਨ੍ਹਾਂ ਦੇਸ਼ਾਂ ਦੀਆਂ ਸਾਰੀਆਂ ਸ਼ਕਤੀਆਂ ਫੇਲ੍ਹ ਕਰ ਦਿੱਤੀਆਂ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਸਭ ਤੋਂ ਪਹਿਲਾਂ ਚੀਨ ਵਿੱਚ ਤਬਾਹੀ ਮਚਾਈ ਅਤੇ ਫੇਰ ਆਪਣੇ ਪੈਰ ਯੂਰਪ ਵਿੱਚ ਪਸਾਰੇ ਤੇ ਫੇਰ ਅਮਰੀਕਾ ਨੂੰ ਆਪਣਾ ਵੱਡੇ ਪੱਧਰ 'ਤੇ ਸ਼ਿਕਾਰ ਬਣਾਇਆ।
ਦੁਨੀਆ ਦੀ ਅਗਵਾਈ ਕਰਨ ਵਾਲਾ ਅਤੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਕਹਾਉਣ ਵਾਲਾ ਅਮਰੀਕਾ ਹੀ ਹੁਣ ਇਸ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਅਮਰੀਕਾ ਵਿੱਚ ਕੋਰੋਨਾ ਨਾਲ ਹੁਣ ਤੱਕ ਮਰੀਜ਼ਾਂ ਦੀ ਗਿਣਤੀ ਸਾਢੇ 19 ਲੱਖ 99 ਹਜ਼ਾਰ ਤੋਂ ਵੱਧ ਹੋ ਚੁੱਕੀ ਹੈ ਅਤੇ 1 ਲੱਖ 12 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।