ਨਵੀਂ ਦਿੱਲੀ: ਭਾਰਤ ਮਾਲਦੀਵ ਵਿੱਚ ਮਹੱਤਵਪੂਰਨ ਸੰਪਰਕ ਪ੍ਰਾਜੈਕਟ ਨੂੰ ਲਾਗੂ ਕਰਨ ਲਈ 40 ਕਰੋੜ ਡਾਲਰ ਦੀ ਕਰਜ਼ਾ ਸਹੂਲਤ ਅਤੇ 10 ਕਰੋੜ ਡਾਲਰ ਦੀ ਗ੍ਰਾਂਟ ਦੇਵੇਗਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀਰਵਾਰ ਨੂੰ ਮਾਲਦੀਵ ਦੇ ਆਪਣੇ ਹਮਰੁਤਬਾ ਅਬਦੁੱਲਾ ਸ਼ਾਹਿਦ ਨਾਲ ਕਈ ਵਿਸ਼ਿਆਂ 'ਤੇ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਗੱਲ ਕਹੀ।
ਅਧਿਕਾਰੀਆਂ ਨੇ ਕਿਹਾ ਕਿ 6.7 ਕਿਲੋਮੀਟਰ ਦਾ ਗ੍ਰੇਟਰ ਮਾਲੇ ਕੁਨੈਕਟੀਵਿਟੀ ਪ੍ਰਾਜੈਕਟ (ਜੀਐਮਸੀਪੀ) ਮਾਲਦੀਵ ਦਾ ਸਭ ਤੋਂ ਵੱਡਾ ਨਾਗਰਿਕ ਬੁਨਿਆਦੀ ਪ੍ਰਾਜੈਕਟ ਹੋਵੇਗਾ ਜੋ ਮਾਲੇ ਨੂੰ ਤਿੰਨ ਗੁਆਂਢੀ ਟਾਪੂਆਂ- ਵਿਲਿੰਗਲੀ, ਗੁਲਹੀਫਾਹੂ ਅਤੇ ਥਿਲਫੂਸੀ ਨਾਲ ਜੋੜਦਾ ਹੈ।
ਜੀਐਮਸੀਪੀ ਦੀ ਜਾਣਕਾਰੀ ਰੱਖਣ ਵਾਲੇ ਲੋਕ ਕਹਿੰਦੇ ਹਨ ਕਿ ਇਹ ਸੱਤਾਧਾਰੀ ਐਮਡੀਪੀ ਪਾਰਟੀ ਦਾ ਵੱਡਾ ਚੋਣ ਵਾਅਦਾ ਸੀ ਜਿਸ ਲਈ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲੀਹ ਨੇ ਪਿਛਲੇ ਸਾਲ ਸਤੰਬਰ ਵਿੱਚ ਜੈਸ਼ੰਕਰ ਨਾਲ ਇੱਕ ਮੁਲਾਕਾਤ ਦੌਰਾਨ ਭਾਰਤ ਦੀ ਮਦਦ ਦੀ ਮੰਗ ਕੀਤੀ ਸੀ।
ਜੈਸ਼ੰਕਰ ਨੇ ਟਵੀਟ ਕੀਤਾ, 'ਭਾਰਤ ਗ੍ਰੇਟਰ ਮਾਲੇ ਕੁਨੈਕਟੀਵਿਟੀ ਪ੍ਰਾਜੈਕਟ ਨੂੰ ਲਾਗੂ ਕਰਨ ਲਈ 40 ਕਰੋੜ ਡਾਲਰ ਦੀ ਕਰਜ਼ਾ ਸਹੂਲਤ ਅਤੇ 10 ਕਰੋੜ ਡਾਲਰ ਦੀ ਗ੍ਰਾਂਟ ਰਾਹੀਂ ਫੰਡ ਕਰੇਗਾ। ਇਹ 6.7 ਕਿਲੋਮੀਟਰ ਦਾ ਇੱਕ ਬ੍ਰਿਜ ਪ੍ਰਾਜੈਕਟ ਹੈ ਜੋ ਮਾਲੇ ਨੂੰ ਗੁਲੀਫਾਹੂ ਪੋਰਟ ਅਤੇ ਥਿਲਾਫੂਸੀ ਉਦਯੋਗਿਕ ਖੇਤਰ ਨਾਲ ਜੋੜਦਾ ਹੈ। ਇਸਦੇ ਨਾਲ, ਮਾਲਦੀਵ ਦੇ ਅਰਥਚਾਰੇ ਨੂੰ ਨਵੀਂ ਉਰਜਾ ਮਿਲੇਗੀ ਅਤੇ ਤਬਦੀਲੀ ਆਵੇਗੀ।
ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਵਧਾਉਣ ਲਈ ਭਾਰਤ ਅਤੇ ਮਾਲਦੀਵ ਵਿਚਾਲੇ ਨਿਯਮਤ ਕਾਰਗੋ ਸੇਵਾ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ।
ਵਿਦੇਸ਼ ਮੰਤਰੀ ਨੇ ਕਿਹਾ, ‘ਅਸੀਂ ਮਾਲਦੀਵ ਨਾਲ ਇੱਕ ਹਵਾਈ ਬੱਬਲ (ਹਵਾਈ ਯਾਤਰਾ) ਦੀ ਸ਼ੁਰੂਆਤ ਕਰ ਰਹੇ ਹਾਂ, ਤਾਂ ਜੋ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸੰਪਰਕ ਨੂੰ ਉਤਸ਼ਾਹਤ ਕੀਤਾ ਜਾ ਸਕੇ।