ਪੰਜਾਬ

punjab

By

Published : Feb 7, 2020, 12:30 PM IST

ETV Bharat / international

ਕੋਰੋਨਾ ਵਾਇਰਸ ਬਾਰੇ ਸਭ ਤੋਂ ਪਹਿਲਾ ਦੁਨੀਆ ਨੂੰ ਦੱਸਣ ਵਾਲੇ ਚੀਨੀ ਡਾਕਟਰ ਦੀ ਹੋਈ ਮੌਤ

ਕੋਰੋਨਾ ਵਾਇਰਸ ਬਾਰੇ ਸਭ ਤੋਂ ਪਹਿਲਾ ਦੁਨੀਆ ਨੂੰ ਦੱਸਣ ਵਾਲੇ ਚੀਨੀ ਡਾਕਟਰ ਲੀ ਵੇਨਲਿਯਾਂਗ ਦੀ ਵੀਰਵਾਰ ਨੂੰ ਮੌਤ ਹੋ ਗਈ ਹੈ। ਡਾਕਟਰ ਲੀ ਵੇਨਲਿਯਾਂਗ ਨੇ ਪਿਛਲੇ ਸਾਲ 30 ਦਸੰਬਰ ਨੂੰ ਆਪਣੇ ਸਾਥੀ ਡਾਕਟਰਾਂ ਨੂੰ ਇਸ ਵਾਇਰਸ ਦੇ ਖ਼ਤਰੇ ਬਾਰੇ ਦੱਸਿਆ ਸੀ ਅਤੇ ਉਨ੍ਹਾਂ ਨੂੰ ਵਾਇਰਸ ਤੋਂ ਬਚਣ ਲਈ ਵਿਸ਼ੇਸ਼ ਕੱਪੜੇ ਪਹਿਨਣ ਦੀ ਚੇਤਾਵਨੀ ਵੀ ਦਿੱਤੀ ਸੀ।

ਕੋਰੋਨਾ ਵਾਇਰਸ
ਕੋਰੋਨਾ ਵਾਇਰਸ

ਨਵੀਂ ਦਿੱਲੀ: ਕੋਰੋਨਾ ਵਾਇਰਸ ਬਾਰੇ ਸਭ ਤੋਂ ਪਹਿਲਾ ਦੁਨੀਆ ਨੂੰ ਦੱਸਣ ਵਾਲੇ ਚੀਨੀ ਡਾਕਟਰ ਲੀ ਵੇਨਲਿਯਾਂਗ ਦੀ ਵੀਰਵਾਰ ਨੂੰ ਮੌਤ ਹੋ ਗਈ ਹੈ। ਚੀਨ ਦੇ ਇੱਕ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਮੁਤਾਬਕ ਡਾ. ਲੀ ਵੇਨਲਿਯਾਂਗ ਦੀ ਮੌਤ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਹੋਈ ਹੈ। ਜਦੋਂ ਚੀਨ ਦੇ ਵੁਹਾਨ ਸ਼ਹਿਰ ਵਿੱਚ ਕੋਰੋਨਾ ਵਾਇਰਸ ਦੀ ਖ਼ਬਰ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਵੇਲੇ ਡਾਕਟਰ ਲੀ ਵੇਨਲਿਯਾਂਗ ਨੇ ਹਸਪਤਾਲ ਤੋਂ ਇੱਕ ਵੀਡੀਓ ਪੋਸਟ ਕਰਕੇ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਚੇਤਾਵਨੀ ਦਿੱਤੀ ਸੀ।

ਇਸ ਤੋਂ ਬਾਅਦ ਚੀਨ ਦੇ ਸਥਾਨਕ ਸਿਹਤ ਵਿਭਾਗ 34 ਸਾਲਾ ਡਾਕਟਰ ਲੀ ਤੋਂ ਪੁੱਛਗਿੱਛ ਕੀਤੀ ਸੀ। ਇਨ੍ਹਾਂ ਹੀ ਨਹੀਂ ਵੂਹਾਨ ਪੁਲਿਸ ਨੇ ਡਾਕਟਰ ਲੀ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ ਤੇ ਉਸ 'ਤੇ ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਫੈਲਾਉਣ ਦਾ ਦੋਸ਼ ਲਾਇਆ ਗਿਆ ਸੀ। ਡਾਕਟਰ ਲੀ ਵੇਨਲਿਯਾਂਗ ਨੂੰ 12 ਜਨਵਰੀ ਨੂੰ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉਹ ਇੱਕ ਮਰੀਜ਼ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਦੀ ਪਕੜ ਵਿੱਚ ਆ ਗਿਆ ਸੀ।

ਡਾਕਟਰ ਲੀ ਵੇਨਲਿਯਾਂਗ ਨੇ ਪਿਛਲੇ ਸਾਲ 30 ਦਸੰਬਰ ਨੂੰ ਆਪਣੇ ਸਾਥੀ ਡਾਕਟਰਾਂ ਨੂੰ ਇੱਕ ਚੈਟ ਸਮੂਹ ਵਿੱਚ ਸੁਨੇਹਾ ਭੇਜਿਆ ਸੀ ਅਤੇ ਇਸ ਵਾਇਰਸ ਦੀ ਚਿਤਾਵਨੀ ਦਿੱਤੀ ਸੀ। ਡਾਕਟਰ ਲੀ ਵੇਨਲਿਯਾਂਗ ਨੇ ਆਪਣੇ ਸਾਥੀ ਡਾਕਟਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਵਾਇਰਸ ਤੋਂ ਬਚਣ ਲਈ ਵਿਸ਼ੇਸ਼ ਕੱਪੜੇ ਪਾਉਣ।

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਚੀਨੀ ਡਾਕਟਰ ਲੀ ਵੇਨਲਿਯਾਂਗ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਵਿੱਚ ਕਿਹਾ, "ਅਸੀਂ ਡਾਕਟਰ ਲੀ ਵੇਨਲਿਯਾਂਗ ਦੀ ਮੌਤ ਤੋਂ ਬਹੁਤ ਦੁਖੀ ਹਾਂ। ਸਾਨੂੰ ਸਾਰਿਆਂ ਨੂੰ ਉਨ੍ਹਾਂ ਵੱਲੋਂ ਕੀਤੇ ਕੰਮ ਦਾ ਜਸ਼ਨ ਮਨਾਉਣ ਦੀ ਲੋੜ ਹੈ।"

ਚੀਨ ਤੋਂ ਫੈਲ ਰਹੇ ਕੋਰੋਨਾ ਵਾਇਰਸ ਬਾਰੇ ਭਾਰਤ ਪੂਰੀ ਤਰ੍ਹਾਂ ਚੌਕਸ ਹੈ। ਚੀਨ, ਜਾਪਾਨ, ਸਿੰਗਾਪੁਰ ਅਤੇ ਥਾਈਲੈਂਡ ਤੋਂ ਇੱਕ ਲੱਖ ਤੋਂ ਵੱਧ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਹੋ ਚੁੱਕੀ ਹੈ। ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ ਦੀ ਜਾਂਚ ਲਈ ਅੰਤਰ ਰਾਸ਼ਟਰੀ ਹਵਾਈ ਅੱਡਿਆਂ 'ਤੇ ਮਾਹਰ ਤਾਇਨਾਤ ਕੀਤੇ ਹਨ। ਵਰਤਮਾਨ ਵਿੱਚ, 21 ਹਵਾਈ ਅੱਡਿਆਂ ਤੇ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ।

ABOUT THE AUTHOR

...view details