ਬੀਜਿੰਗ: ਚੀਨੀ ਫੌਜੀ ਅਖ਼ਬਾਰ ਦੀ ਰਿਪੋਰਟ ਦੇ ਅਨੁਸਾਰ, 15 ਜੂਨ ਨੂੰ, ਭਾਰਤ-ਚੀਨ ਫੌਜਾਂ ਵਿਚਕਾਰ ਝੜਪ ਤੋਂ ਕੁਝ ਦਿਨ ਪਹਿਲਾਂ, ਚੀਨ ਨੇ ਐਲਏਸੀ 'ਤੇ ਭਾਰਤ ਦੀ ਸਰਹੱਦ ਨੇੜੇ ਮਾਰਸ਼ਲ ਆਰਟ ਦੇ ਲੜਾਕੂਆਂ ਅਤੇ ਪਹਾੜੀ ਖੇਤਰਾਂ ਦੇ ਮਾਹਰਾਂ ਨੂੰ ਤੈਨਾਤ ਕੀਤਾ ਸੀ।
ਚੀਨ ਦੀ ਫੌਜ ਦੇ ਅਧਿਕਾਰਤ ਅਖ਼ਬਾਰ ਚਾਈਨਾ ਨੈਸ਼ਨਲ ਡੀਫੈਂਸ ਨਿਊਜ਼ ਪੇਪਰ ਦੀ ਇੱਕ ਰਿਪੋਰਟ ਅਨੁਸਾਰ 15 ਜੂਨ ਨੂੰ ਲਹਾਸਾ 'ਚ ਸਥਿਤੀ ਦਾ ਜਾਇਜ਼ਾ ਲੈਣ ਲਈ ਮਾਊਂਟ ਐਵਰੈਸਟ ਓਲੰਪਿਕ ਮਸ਼ਾਲ ਰਿਲੇਅ ਟੀਮ ਦੇ ਸਾਬਕਾ ਮੈਂਬਰ ਅਤੇ ਮਿਕਸਡ ਮਾਰਸ਼ਲ ਆਰਟਸ ਕਲੱਬ ਦੇ ਫੌਜੀਆਂ ਸਣੇ ਪੰਜ ਫੌਜ ਟੁਕੜੀਆਂ ਪਹੁੰਚੀਆਂ ਸਨ।
ਚੀਨ ਨੈਸ਼ਨਲ ਡਿਫੈਂਸ ਨਿਊਜ਼ ਦੇ ਅਨੁਸਾਰ ਤਿੱਬਤ ਦਾ ਕਮਾਂਡਰ ਵਾਂਗ ਹਾਈਜਿਯਾਂਗ ਨੇ ਕਿਹਾ ਕਿ ਏਨਬੋ ਫਾਈਟ ਕਲੱਬ ਦੇ ਭਰਤੀ ਹੋਣ ਨਾਲ ਫੌਜੀਆਂ ਦੇ ਸੰਗਠਨ ਅਤੇ ਲਾਮਬੰਦ ਹੋਣ 'ਤੇ ਉਨ੍ਹਾਂ ਦੀ ਜਲਦ ਜਵਾਬ ਦੇਣ ਦੀ ਸਮਰੱਥਾ ਵਧੇਗੀ। ਹਾਲਾਂਕਿ ਉਨ੍ਹਾਂ ਅਜੇ ਇਸ ਗੱਲ ਦੀ ਸਪਸ਼ਟ ਪੁਸ਼ਟੀ ਨਹੀਂ ਕੀਤੀ ਕਿ ਇਨ੍ਹਾਂ ਫੌਜ ਦੀਆਂ ਟੁਕੜੀਆਂ ਦੀ ਤੈਨਾਤੀ ਨਾਲ ਭਾਰਤ ਅਤੇ ਚੀਨ ਵਿਚਕਾਰ ਹੋਈ ਝੜਪ ਨਾਲ ਕੀ ਸੰਬੰਧ ਹੈ।
ਦੱਸਣਯੋਗ ਹੈ ਕਿ 15-16 ਜੂਨ ਦੀ ਦਰਮਿਆਨੀ ਰਾਤ ਭਾਰਤ 'ਤੇ ਚੀਨ ਵਿਚਕਾਰ ਪੂਰਬੀ ਲਦਾਖ 'ਚ ਸਰਹੱਦੀ ਵਿਵਾਦ ਨੂੰ ਲੈ ਕੇ ਹਿੰਸਕ ਝੜਪ ਹੋਈ ਸੀ ਅਤੇ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਅਤੇ ਚੀਨ ਦੇ ਵੀ ਕਈ ਫੌਜੀ ਮਾਰੇ ਗਏ ਸਨ। ਇਹ ਝੜਪ ਬੀਤੇ 45 ਸਾਲਾਂ 'ਚ ਦੋਵਾਂ ਦੇਸ਼ਾਂ ਵਿਚਕਾਰ ਹੋਈ ਸਭ ਤੋਂ ਘਾਤਕ ਹਿੰਸਕ ਝੜਪ ਸੀ।