ਕਾਠਮਾਂਡੂ: ਚੀਨ ਦੀ ਵਿਸਥਾਰ ਨੀਤੀ ਨੇਪਾਲ ਵਿੱਚ ਲਗਾਤਾਰ ਵਧ ਰਹੀ ਹੈ। ਚੀਨ ਨੇਪਾਲੀ ਧਰਤੀ 'ਤੇ ਕਬਜ਼ਾ ਕਰ ਰਿਹਾ ਹੈ। ਇਸਦਾ ਮੁੱਖ ਕਾਰਨ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦਾ ਸਮਰਥਨ ਹੈ। ਕਿਉਂਕਿ ਓਲੀ ਸਰਕਾਰ ਸਰਹੱਦੀ ਮੁੱਦੇ ਉਠਾ ਕੇ ਚੀਨ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ।
ਨੇਪਾਲ ਦੇ ਖੇਤੀਬਾੜੀ ਮੰਤਰਾਲੇ ਦੇ ਸਰਵੇਖਣ ਵਿਭਾਗ ਦੀ ਇੱਕ ਰਿਪੋਰਟ ਦੇ ਮੁਤਾਬਕ, ਸਰਹੱਦ ਨਾਲ ਲੱਗਦੇ ਸੱਤ ਜ਼ਿਲ੍ਹਿਆਂ ਵਿੱਚ ਕਈ ਥਾਵਾਂ ‘ਤੇ ਚੀਨ ਨੇਪਾਲ ਦੀ ਧਰਤੀ 'ਤੇ ਕਬਜ਼ਾ ਕਰ ਰਿਹਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਵੱਧ ਤੋਂ ਵੱਧ ਜ਼ਮੀਨੀ ਖੇਤਰਾਂ 'ਤੇ ਕਬਜ਼ਾ ਕਰ ਨੇਪਾਲੀ ਸਰਹੱਦਾਂ ਵਿੱਚ ਅੱਗੇ ਵੱਧ ਰਿਹਾ ਹੈ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ, ਕਿਉਂਕਿ ਨੇਪਾਲੀ ਸਰਕਾਰ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦੇ ਵਿਸਥਾਰਵਾਦੀ ਏਜੰਡੇ 'ਤੇ ਚੁੱਪ ਬੈਠੀ ਹੋਈ ਹੈ। ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਚੀਨ ਨੇ ਨੇਪਾਲ ਦੇ ਕਈ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਇੰਨਾ ਹੀ ਨਹੀਂ, ਹੌਲੀ-ਹੌਲੀ ਚੀਨ ਨੇਪਾਲ ਦੇ ਅੰਦਰ ਕਬਜ਼ਾ ਕਰ ਰਿਹਾ ਹੈ।
ਨੇਪਾਲ ਦੀ ਕਮਿਊਨਿਸਟ ਪਾਰਟੀ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਿਪੋਰਟ ਦੇ ਮੁਤਾਬਕ, ਚੀਨ ਦੀ ਵਿਸਥਾਰਵਾਦੀ ਨੀਤੀ ਦੇ ਸ਼ਿਕਾਰ ਨੇਪਾਲ ਦੇ ਦੋਲਖਾ, ਗੋਰਖਾ, ਦਾਰਚੁਲਾ, ਹੁਮਲਾ, ਸਿੱਧੂਪਾਲਚੋਕ, ਸੰਖੁਆਸਭਾ ਅਤੇ ਰਸੂਵਾ ਜ਼ਿਲ੍ਹੇ ਹਨ।
ਨੇਪਾਲ ਦੇ ਸਰਵੇ ਅਤੇ ਮੈਪਿੰਗ ਵਿਭਾਗ ਦੇ ਮੁਤਾਬਕ ਚੀਨ ਨੇ ਦੋਲਖਾ ਸਥਿਤੀ ਅੰਤਰਰਾਸ਼ਟਰੀ ਸਰਹੱਦ ਦੇ 1,500 ਮੀਟਰ 'ਤੇ ਕਬਜ਼ਾ ਕਰ ਲਿਆ ਹੈ। ਚੀਨ ਨੇ ਦੋਲਖਾ ਦੇ ਕੋਰਲੰਗ ਖੇਤਰ ਵਿੱਚ ਪਿੱਲਰ ਨੰਬਰ 57 ਨੂੰ ਅੱਗੇ ਵਧਾ ਦਿੱਤਾ ਹੈ। ਇਸ ਖੇਤਰ ਨੂੰ ਲੈ ਕੇ ਦੋਵਾਂ ਦੇਸ਼ਾਂ ਵਿੱਚ ਪਹਿਲਾਂ ਹੀ ਤਣਾਅ ਹੈ। ਚੀਨੀ ਸਰਕਾਰ ਇਸ ਵਿਵਾਦ ਨੂੰ ਸੁਲਝਾਉਣ ਲਈ ਨੇਪਾਲ 'ਤੇ ਦਬਾਅ ਬਣਾ ਰਹੀ ਹੈ।
ਸਰਵੇਖਣ ਅਤੇ ਮੈਪਿੰਗ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਚੀਨ ਨੇ ਗੋਰਖਾ ਅਤੇ ਦਾਰਚੁਲਾ ਜ਼ਿਲ੍ਹਿਆਂ ਦੇ ਕਈ ਪਿੰਡਾਂ 'ਤੇ ਕਬਜ਼ਾ ਕਰ ਲਿਆ ਹੈ। ਚੀਨ ਨੇ ਸਰਹੱਦ ਦੇ ਥੰਮ ਨੰਬਰ 35, 37 38 ਨੂੰ ਗੋਰਖਾ ਜ਼ਿਲੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਹਟਾ ਦਿੱਤਾ ਹੈ।
ਇਸ ਤੋਂ ਇਲਾਵਾ ਚੀਨ ਨੇ ਨਾਂਪਾ ਭਾਂਜੀਆਂਗ ਪਿੱਲਰ ਨੰਬਰ 62 ਦੀ ਜ਼ਮੀਨ ਉੱਤੇ ਵੀ ਕਬਜ਼ਾ ਕਰ ਲਿਆ ਹੈ। ਇਸ ਤੋਂ ਪਹਿਲਾਂ, ਪਿੱਲਰ ਨੇਪਾਲ ਦੇ ਗੋਰਖਾ ਜ਼ਿਲ੍ਹੇ ਵਿੱਚ ਰੁਈ ਅਤੇ ਟੋਮ ਨਦੀ ਦੇ ਨੇੜੇ ਸੀ।