ਨਵੀਂ ਦਿੱਲੀ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਚੀਨ ਦੀ ਰਾਜਧਾਨੀ ਬੀਜਿੰਗ ਲਈ ਸ਼ੁੱਕਰਵਾਰ ਸਵੇਰੇ ਰਵਾਨਾ ਹੋ ਗਏ ਹਨ। ਕੁਰੈਸ਼ੀ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਤੇ ਹੋਰ ਕਈ ਵੱਡੇ ਆਗੂਆਂ ਨਾਲ ਮੁਲਾਕਾਤ ਕਰਨਗੇ।
ਦੱਸਣਯੋਗ ਹੈ ਕਿ ਭਾਰਤ ਵੱਲੋਂ ਕਸ਼ਮੀਰ ਤੇ ਧਾਰਾ 370 'ਤੇ ਲਏ ਗਏ ਫ਼ੈਸਲੇ ਤੋਂ ਬਾਅਦ ਹੀ ਪਾਕਿਸਤਾਨ ਨਾਰਾਜ਼ ਨਜ਼ਰ ਆ ਰਿਹਾ ਹੈ। ਭਾਰਤ ਨਾਲ ਡਿਪਲੋਮੈਟਿਕ ਰਿਸ਼ਤਿਆਂ ਨੂੰ ਤੋੜਨ ਮਗਰੋਂ ਪਾਕਿ ਨੇ ਸਮਝੌਤਾ ਐਕਸਪ੍ਰੈਸ ਨੂੰ ਵੀ ਰੱਦ ਕਰ ਦਿੱਤਾ ਹੈ।
ਭਾਰਤ-ਪਾਕਿਸਤਾਨ ਵਿਚਾਲੇ ਚਲ ਰਹੇ ਇਸ ਤਣਾਅ ਦਾ ਅਸਰ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਅਜਿਹੇ 'ਚ ਪਾਕਿਸਤਾਨ ਆਪਣੀ ਸਾਂਝ ਚੀਨ ਨਾਲ ਹੋਰ ਪੱਕੀ ਕਰਨ 'ਚ ਲੱਗਾ ਹੋਇਆ ਹੈ। ਪਾਕਿ ਵਿਦੇਸ਼ ਮੰਤਰੀ ਦੀ ਚੀਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਨੂੰ ਖ਼ਾਸ ਦੱਸਿਆ ਜਾ ਰਿਹਾ ਹੈ। ਸੰਭਵ ਹੈ ਕਿ ਭਾਰਤ ਵੱਲੋਂ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਪਾਕਿ ਕੌਮਾਂਤਰੀ ਪੱਧਰ 'ਤੇ ਕੂਟਨੀਤਿਕ ਦਬਾਅ ਬਣਾਉਣ ਲਈ ਚੀਨ ਦੀ ਮਦਦ ਲੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਇਸਲਾਮਾਬਾਦ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੂੰ ਵੀ ਭਾਰਤ ਵਾਪਸ ਭੇਜਣ ਤੇ ਨਾਲ ਹੀ ਦਿੱਲੀ ਤੋਂ ਆਪਣੇ ਹਾਈ ਕਮਿਸ਼ਨਰ ਨੂੰ ਵੀ ਵਾਪਸ ਪਾਕਿਸਤਾਨ ਬੁਲਾਉਣ ਦਾ ਫ਼ੈਸਲਾ ਲਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਸਾਡੇ ਹਾਈ ਕਮਿਸ਼ਨਰ ਲੰਮੇ ਸਮੇਂ ਤੋਂ ਨਵੀਂ ਦਿੱਲੀ ਵਿੱਚ ਨਹੀਂ ਹਨ। ਅਸੀਂ ਭਾਰਤ ਦੇ ਹਾਈ ਕਮਿਸ਼ਨਰ ਨੂੰ ਵਾਪਸ ਭੇਜਾਂਗੇ।