ਇਸਲਾਮਾਬਾਦ: ਪਾਕਿਸਤਾਨ 'ਤੇ ਵਿੱਤੀ ਐਕਸ਼ਨ ਟਾਸਕ ਫੋਰਸ (ਐਫ਼ਏਟੀਐਫ਼) ਦੀ ਤਲਵਾਰ ਲਟਕ ਰਹੀ ਹੈ। ਇਸ ਦੇ ਬਾਵਜੂਦ ਪਾਕਿ ਅੱਤਵਾਦੀਆਂ ਨੂੰ ਪਨਾਹ ਦੇਣ ਤੋਂ ਕੋਈ ਬਾਜ਼ ਨਹੀਂ ਆਇਆ। ਪਾਕਿਸਤਾਨ ਕੁਝ ਅੱਤਵਾਦੀਆਂ ਨੂੰ ਵੀਆਈਪੀ ਟ੍ਰੀਟਮੈਂਟ ਦੇ ਰਿਹਾ ਹੈ। ਇਨ੍ਹਾਂ ਵਿੱਚ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀ ਰਣਜੀਤ ਸਿੰਘ ਨੀਟਾ ਸ਼ਾਮਲ ਹਨ।
ਸੂਤਰਾਂ ਨੇ ਕਿਹਾ ਕਿ ਕੌਮਾਂਤਰੀ ਭਾਈਚਾਰਾ ਪਾਕਿਸਤਾਨ ਦੇ ਪਾਖੰਡ ਬਾਰੇ ਚਿੰਤਤ ਹੈ, ਜੋ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਦਿਖਾਵਾ ਕਰ ਰਿਹਾ ਹੈ। ਦੂਸਰੇ ਤਰੀਕੇ ਉਨ੍ਹਾਂ ਨੂੰ ਫੰਡਿੰਗ ਕਰ ਰਿਹਾ ਹੈ।
ਸੂਤਰਾਂ ਅਨੁਸਾਰ ਪਾਕਿਸਤਾਨ ਸਰਕਾਰ 21 ਅੱਤਵਾਦੀਆਂ ਨੂੰ ਵੀਆਈਪੀ ਸੁਰੱਖਿਆ ਪ੍ਰਦਾਨ ਕਰ ਰਹੀ ਹੈ।
ਨਿਊਜ਼ ਏਜੰਸੀ ਏਐਨਆਈ ਦੀ ਸੂਚੀ ਦੇ ਅਨੁਸਾਰ, ਅੱਤਵਾਦੀ ਜਿਨ੍ਹਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ, ਉਨ੍ਹਾਂ ਵਿੱਚ ਅੰਡਰਵਰਲਡ ਡੌਨ ਦਾਊਦ ਇਬਰਾਹਿਮ, ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਵਾਧਵਾ ਸਿੰਘ, ਇੰਡੀਅਨ ਮੁਜਾਹਿਦੀਨ ਦੇ ਚੀਫ਼ ਰਿਆਜ਼ ਭਟਕਲ, ਅੱਤਵਾਦੀ ਮਿਰਜ਼ਾ ਸ਼ਾਦਾਬ ਬੇਗ਼ ਅਤੇ ਆਫੀਫ਼ ਹਸਨ ਸਿੱਧੀਬਾਪਾ ਸਣੇ ਹੋਰ ਬਹੁਤ ਸਾਰੇ ਲੋਕ ਸ਼ਾਮਲ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਅੱਤਵਾਦੀ ਹਨ ਜੋ ਭਾਰਤ ਵਿੱਚ ਸਭ ਤੋਂ ਵੱਧ ਲੋੜੀਂਦੇ ਹਨ, ਫਿਰ ਵੀ ਪਾਕਿਸਤਾਨ ਉਨ੍ਹਾਂ ਨੂੰ ਪਨਾਹ ਦੇ ਰਿਹਾ ਹੈ।
ਭਾਰਤ ਨੇ ਕਈ ਵਾਰ ਪਾਕਿਸਤਾਨ ਦਾ ਪਰਦਾਫ਼ਾਸ਼ ਕੀਤਾ ਹੈ, ਜੋ ਅੱਤਵਾਦੀ ਸਮੂਹਾਂ ਨੂੰ ਸਪਾਂਸਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਭਾਰਤ ਵਿਰੁੱਧ ਜੰਗ ਛੇੜਨ ਦੀ ਸਿਖਲਾਈ ਦੇ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਪਾਕਿਸਤਾਨ ਨੇ ਅੱਤਵਾਦੀ ਸੰਗਠਨਾਂ ਦੇ 88 ਮੈਂਬਰਾਂ 'ਤੇ ਪਾਬੰਦੀ ਲਗਾਈ ਸੀ। ਉਨ੍ਹਾਂ ਵਿੱਚੋਂ ਜਮਾਤ-ਉਦ-ਦਾਵਾ ਦੇ ਨੇਤਾ ਹਾਫ਼ਿਜ਼ ਸਈਦ ਅਹਿਮਦ, ਜੈਸ਼ ਦੇ ਮੁਹੰਮਦ ਮਸੂਦ ਅਜ਼ਹਰ, ਜ਼ਕੀਉਰ ਰਹਿਮਾਨ ਲਖਵੀ ਅਤੇ ਇਬਰਾਹਿਮ ਇਸ ਸੂਚੀ ਵਿੱਚ ਹਨ।