ਦੋਹਾ: ਅਮਰੀਕਾ ਅਤੇ ਤਾਲਿਬਾਨ ਅੱਜ ਕਤਰ ਦੀ ਰਾਜਧਾਨੀ ਦੋਹਾ ਵਿੱਚ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕਰਨ ਵਾਲੇ ਹਨ। ਇਸ ਸੰਕੇਤ ਨਾਲ ਅਮਰੀਕਾ ਦੀ ਸਭ ਤੋਂ ਲੰਬੀ ਲੜਾਈ ਖ਼ਤਮ ਹੋਣ ਦੀ ਉਮੀਦ ਹੈ। ਅਮਰੀਕਾ ਅਤੇ ਤਾਲਿਬਾਨ ਵਿਚਾਲੇ ਇਕ ਸਮਝੌਤੇ 'ਤੇ ਦਸਤਖ਼ਤ ਹੋਣ ਨਾਲ ਇਸ ਦੇਸ਼ ਵਿੱਚ ਕਰੀਬ 18 ਸਾਲਾਂ ਦੀ ਤਾਇਨਾਤੀ ਤੋਂ ਬਾਅਦ ਅਮਰੀਕੀ ਫੌਜੀਆਂ ਦੀ ਵਾਪਸੀ ਦਾ ਰਾਹ ਪੱਧਰਾ ਹੋ ਜਾਵੇਗਾ। ਸੰਯੁਕਤ ਰਾਸ਼ਟਰ ਅਨੁਸਾਰ ਪਿਛਲੇ ਦਹਾਕੇ ਦੌਰਾਨ ਕਰੀਬ 1 ਲੱਖ ਤੋਂ ਵੱਧ ਅਫ਼ਗਾਨ ਨਾਗਰਿਕ ਮਰੇ ਜਾਂ ਜ਼ਖਮੀ ਹੋਏ ਹਨ।
ਇਹ ਸਮਝੌਤਾ ਅਫਗਾਨਿਸਤਾਨ ਵਿੱਚ ਇੱਕ ਨਵੇਂ ਯੁੱਗ ਦੇ ਅਰੰਭ ਹੋਣ ਦੀ ਉਮੀਦ ਹੈ। ਇਸ ਇਤਿਹਾਸਕ ਸਮਝੌਤੇ 'ਤੇ ਦਸਤਖ਼ਤ ਹੋਣ ਤੋਂ ਦੋ ਦਿਨ ਪਹਿਲਾਂ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਇੱਥੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨਾਲ ਮੁਲਾਕਾਤ ਕੀਤੀ।
ਅਮਰੀਕਾ ਅਤੇ ਤਾਲਿਬਾਨ ਵਿਚਕਾਰ ਇਤਿਹਾਸਕ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਤੋਂ ਇਕ ਦਿਨ ਪਹਿਲਾਂ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਸ਼ੁੱਕਰਵਾਰ ਨੂੰ ਕਾਬੁਲ ਦੀ ਯਾਤਰਾ ਕੀਤੀ ਤੇ ਸ਼ਾਂਤੀਪੂਰਵਕ ਅਤੇ ਸਥਿਰ ਅਫ਼ਗਾਨਿਸਤਾਨ ਲਈ ਭਾਰਤ ਦੀ ਖੁੱਲ੍ਹੀ ਹਮਾਇਤ ਜ਼ਾਹਰ ਕੀਤੀ। ਉਹ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਮਿਲੇ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੱਤਰ ਸੌਂਪਿਆ।
ਸੌਦੇ ਦੇ ਤੱਥਾਂ ਦਾ ਜਨਤਕ ਤੌਰ 'ਤੇ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਉਮੀਦ ਜਤਾਈ ਜਾ ਰਹੀ ਹੈ ਕਿ ਪੈਂਟਾਗਨ ਅਫਗਾਨਿਸਤਾਨ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰੇਗਾ। ਅਫਗਾਨਿਸਤਾਨ ਵਿੱਚ ਅਮਰੀਕਾ ਦੇ 12 ਤੋਂ 13 ਹਜ਼ਾਰ ਫੌਜੀ ਹਨ।