ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਦੀ ਕੋਵਿਡ-19 ਦੀ ਰਿਪੋਰਟ ਪੌਜ਼ੀਟਿਵ ਆਈ ਹੈ।
ਟਰੰਪ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ "ਅੱਜ ਰਾਤ, @ਫਲੋਟਸ ਅਤੇ ਮੈਂ ਕੋਵਿਡ -19 ਲਈ ਪੌਜ਼ੀਟਿਵ ਪਾਏ ਗਏ ਹਾਂ। ਅਸੀਂ ਆਪਣੀ ਕੁਆਰੰਟੀਨ ਅਤੇ ਰਿਕਵਰੀ ਪ੍ਰਕਿਰਿਆ ਨੂੰ ਤੁਰੰਤ ਸ਼ੁਰੂ ਕਰਾਂਗੇ। ਅਸੀਂ ਮਿਲ ਕੇ ਇਸ ਨੂੰ ਪਾਰ ਪਾਵਾਂਗੇ।"
ਇਸ ਤੋਂ ਪਹਿਲਾਂ, ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਰੀਬੀ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਆਪਣੇ ਕੋਰੋਨਾ ਵਾਇਰਸ ਟੈਸਟ ਦੇ ਨਤੀਜਿਆਂ ਦੀ ਉਡੀਕ ਕਰਦੇ ਹੋਏ ਉਹ ਅਤੇ ਫਰਸਟ ਲੇਡੀ ਮੇਲਾਨੀਆ ਟਰੰਪ 'ਕੁਆਰੰਟੀਨ ਪ੍ਰਕਿਰਿਆ' ਸ਼ੁਰੂ ਕਰ ਰਹੇ ਹਨ।
ਟਰੰਪ ਨੇ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਦੇ ਨੇੜਲੇ ਸਾਥੀ ਹੋਪ ਹਿਕਸ ਦੀ ਵੀਰਵਾਰ ਨੂੰ ਕੋਰੋਨਾ ਵਾਇਰਸ ਲਈ ਰਿਪੋਰਟ ਪੌਜ਼ੀਟਿਵ ਆਈ ਸੀ। ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਮਿਨੀਸੋਟਾ ਵਿਚ ਇਕ ਰੈਲੀ ਤੋਂ ਪਰਤਦੇ ਹੋਏ ਜਹਾਜ਼ ਦੇ ਸਫ਼ਰ ਦੌਰਾਨ ਹਿਕਸ ਨੇ ਹਲਕੇ ਲੱਛਣ ਮਹਿਸੂਸ ਕਰਨੇ ਸ਼ੁਰੂ ਕਰ ਦਿੱਤੇ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਹਾਜ਼ ਵਿੱਚ ਦੂਜਿਆਂ ਤੋਂ ਦੂਰ ਰੱਖਿਆ ਗਿਆ ਸੀ ਅਤੇ ਵੀਰਵਾਰ ਨੂੰ ਉਨ੍ਹਾਂ ਦੀ ਜਾਂਚ ਦੀ ਪੁਸ਼ਟੀ ਹੋਈ ਸੀ।
ਟਰੰਪ ਦੇ ਸਲਾਹਕਾਰ ਵਜੋਂ ਸੇਵਾ ਨਿਭਾਉਣ ਵਾਲੇ ਹਿਕਸ ਨੇ ਮੰਗਲਵਾਰ ਨੂੰ ਕਲੀਵਲੈਂਡ ਵਿੱਚ ਪਹਿਲੀ ਰਾਸ਼ਟਰਪਤੀ ਬਹਿਸ ਲਈ ਵੀ ਟਰੰਪ ਨਾਲ ਯਾਤਰਾ ਕੀਤੀ ਸੀ।